ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿਚ ਹੁਣ ਹੋਰ ਅਹਿਮ ਖੁਲਾਸੇ ਹੋਏ ਹਨ। ਦੱਸ ਦੇਈਏ ਕਿ ਮੂਸੇਵਾਲਾ ਦਾ 29 ਮਈ 2022 ਨੂੰ ਪਿੰਡ ਜਵਾਹਰਕੇ 'ਚ ਥਾਰ ਗੱਡੀ ਉਤੇ ਗੋਲੀਆਂ ਵਰ੍ਹਾ ਕੇ ਗੈਂਗਸਟਰਾਂ ਨੇ ਕਤਲ ਕੀਤਾ ਸੀ। ਦੋ ਸਾਲਾਂ ਬਾਅਦ ਪੁਲਸ ਨੇ ਇਸ ਕਤਲ ਕਾਂਡ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਹਨ।
ਕਤਲ ਤੋਂ ਪਹਿਲਾਂ ਹਥਿਆਰ ਕੀਤੇ ਚੈੱਕ
ਪੁਲਸ ਮੁਤਾਬਕ ਸਿੱਧੂ ਮੁਸੇਵਾਲਾ ਕਤਲ ਕਾਂਡ 'ਚ ਸ਼ਾਮਲ ਸ਼ੂਟਰਾਂ ਨੇ ਫਾਇਰਿੰਗ ਲਈ ਪਹਿਲਾਂ ਪ੍ਰੈਕਟਿਸ ਵੀ ਕੀਤੀ। ਉਨ੍ਹਾਂ ਨੇ ਆਪਣੇ ਸਾਰੇ ਹਥਿਆਰ ਚਲਾ ਕੇ ਚੈੱਕ ਕੀਤੇ ਤੇ ਗੈਂਗਸਟਰਾਂ ਨੇ AK-47 ਰਾਈਫਲ ਨਾਲ ਟ੍ਰੇਨਿੰਗ ਕੀਤੀ।ਇਹ ਸਾਰੀ ਟ੍ਰੈਨਿੰਗ ਸੁਨਸਾਨ ਜਗ੍ਹਾ 'ਤੇ ਜਾ ਕੇ ਕੀਤੀ ਗਈ।
ਗ੍ਰਨੇਡ ਲਾਂਚਰ
ਸਿੱਧੂ ਮੂਸੇਵਾਲਾ ਕਤਲ ਲਈ ਗੈਂਗਸਟਰਾਂ ਦੇ ਪਲਾਨ ਅਨੁਸਾਰ ਗ੍ਰਨੇਡ ਲਾਂਚਰ ਨੂੰ ਚਲਾਉਣ ਦੀ ਯੋਜਨਾ ਸੀ।ਦੱਸ ਦੇਈਏ ਕਿ ਗ੍ਰਨੇਡ ਲਾਂਚਰ ਚਲਾਉਣਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੈ। ਇਸ ਲਈ ਇਹਨਾਂ ਸ਼ੂਟਰਾਂ ਨੇ ਪਹਿਲਾਂ ਗ੍ਰਨੇਡ ਲਾਂਚਰ ਤਿਆਰ ਕਰਨਾ ਅਤੇ ਉਸ ਰਾਹੀਂ ਸ਼ੂਟ ਕਰਨ ਦਾ ਅਭਿਆਸ ਕੀਤਾ ਪਰ ਉਹ ਕਾਮਯਾਬ ਨਹੀਂ ਹੋ ਸਕੇ।ਇਸ ਲਈ ਉਨਾਂ ਨੇ ਉਸ ਨੂੰ ਪੈਕ ਕਰ ਦਿੱਤਾ।
ਇਸ ਪਿੰਡ ਵਿੱਚ ਕੀਤੀ ਹਥਿਆਰ ਚਲਾਉਣ ਦੀ ਟ੍ਰੇਨਿੰਗ
ਇਸ ਕਤਲ ਕਾਂਡ ਦੇ ਇੱਕ ਮੁਲਜ਼ਮ ਕੇਸ਼ਵ ਪੁੱਤਰ ਲਾਲਚੰਦ ਵਾਸੀ ਆਵਾ ਬਸਤੀ ਬਠਿੰਡਾ ਨੇ ਪੁਲਸ ਪੁੱਛਗਿੱਛ ਦੌਰਾਨ ਦੱਸਿਆ ਕਿ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਪ੍ਰਿਆਵਰਤ ਫ਼ੌਜੀ, ਦੀਪਕ ਮੁੰਡੀ ਸਮੇਤ ਬਾਕੀ ਸਾਰੇ ਮੁਲਜ਼ਮਾਂ ਨੇ ਪਿਸਤੌਲ ਸਮੇਤ ਏ.ਕੇ. 47 ਡੱਬਵਾਲੀ ਦੇ ਪਿੰਡ ਸਕਤਾ ਖੇੜਾ ਦੇ ਖੇਤਾਂ 'ਚ ਸੁੰਨਸਾਨ ਜਗ੍ਹਾ 'ਤੇ ਚਲਾ ਕੇ ਦੇਖੀ ਸੀ। ਇਸ ਤੋਂ ਇਲਾਵਾ ਮੁਲਜ਼ਮ ਪ੍ਰਿਆਵਰਤ ਫੌਜੀ ਅਤੇ ਦੀਪਕ ਮੁੰਡੀ ਨੇ ਗ੍ਰੇਨੇਡ ਲਾਂਚਰ ਦੀ ਵਰਤੋਂ ਕਰ ਕੇ ਜਾਂਚ ਕਰਨ ਦੀ ਕੋਸ਼ਿਸ਼ ਕੀਤੀ ਸੀ।
ਲੜਕੀਆਂ ਦਾ ਰੋਲ
ਸਿੱਧੂ ਮੂਸੇਵਾਲਾ ਦਾ ਕਤਲ ਕਰਨ ਲਈ ਪਹਿਲਾਂ ਪਲਾਨ ਵਿੱਚ ਪੁਲਸ ਕਰਮਚਾਰੀਆਂ ਅਤੇ ਲੜਕੀਆਂ ਦਾ ਰੋਲ ਰੱਖਿਆ ਗਿਆ ਸੀ। ਰਿਪੋਰਟ ਅਨੁਸਾਰ ਪਲਾਨ ਬਣਾਇਆ ਗਿਆ ਸੀ ਕਿ ਪੁਲਸ ਦੀਆਂ ਵਰਦੀਆਂ ਪਾ ਕੇ ਮੁਲਾਜ਼ਮ ਬਣ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਜਾਵੇ। ਇਸ ਲਈ ਫੀਮੇਲ ਸ਼ੂਟਰਾਂ ਦੀ ਭਾਲ ਵੀ ਕੀਤੀ ਗਈ ਪਰ ਲੜਕੀਆਂ ਨਾ ਮਿਲਣ ਕਾਰਣ ਇਸ ਪਲਾਨ ਨੂੰ ਬਦਲਣਾ ਪਿਆ ਸੀ। ਇਸ ਲਈ ਪੁਲਸ ਦੀਆਂ ਜਾਅਲੀ ਵਰਦੀਆਂ ਵੀ ਲੈ ਲਈਆਂ ਸਨ ਤੇ ਪਲਾਨ ਮੁਤਾਬਕ ਸਿੱਧੂ ਨੂੰ ਘਰ ਅੰਦਰ ਕਤਲ ਕੀਤੇ ਜਾਣ ਦੀ ਵੀ ਯੋਜਨਾ ਸੀ।
ਸੂਤਰਾਂ ਨੇ ਦੱਸਿਆ ਕਿ ਇਸ ਯੋਜਨਾ ਨੂੰ ਨੇਪਰੇ ਚਾੜ੍ਹਨ ਲਈ ਜਦੋਂ ਇਕ ਨੌਜਵਾਨ ਵਰਦੀ ਪਾ ਕੇ ਪੁਲਿਸ ਦੀ ਪੱਗ ਬੰਨ੍ਹ ਰਿਹਾ ਸੀ ਤਾਂ ਉਸ ਨੇ ਗੈਂਗਸਟਰ ਗੋਲਡੀ ਬਰਾੜ ਨਾਲ ਗੱਲ ਕੀਤੀ ਸੀ। ਦੋਸ਼ੀ ਨੇ ਕਿਹਾ ਸੀ... ਉਸਤਾਦ ਜੀ, ਜਿਨ੍ਹਾਂ ਦੋ ਕੁੜੀਆਂ ਨੂੰ ਤੁਸੀਂ ਯੋਜਨਾ ਵਿਚ ਸ਼ਾਮਲ ਕਰਨ ਲਈ ਕਿਹਾ ਸੀ, ਉਹ ਇੱਥੇ ਨਹੀਂ ਆਈਆਂ।ਇਸ ਯੋਜਨਾ ਲਈ ਗੈਂਗਸਟਰਾਂ ਨੇ ਪੁਲਸ ਦੀ ਵਰਦੀ ਵੀ ਖਰੀਦੀ ਸੀ ਪਰ ਇਹ ਫਿੱਟ ਨਹੀਂ ਹੋਈ ਅਤੇ ਮੁਲਜ਼ਮਾਂ ਕੋਲ ਅੱਧੀ ਵਰਦੀ ਵੀ ਨਹੀਂ ਸੀ।
ਮੁਲਜ਼ਮਾਂ ਨੇ ਉਕਤ ਯੋਜਨਾ ਵਿੱਚ ਦੋ ਲੜਕੀਆਂ ਨੂੰ ਸ਼ਾਮਲ ਕੀਤਾ ਸੀ, ਜਿਨ੍ਹਾਂ ਨੇ ਮੂਸੇਵਾਲਾ ਦੇ ਘਰ ਵਿੱਚ ਜਾਅਲੀ ਪੁਲਸ ਵਾਲਿਆਂ ਦੇ ਨਾਲ ਪੱਤਰਕਾਰ ਬਣ ਕੇ ਦਾਖਲ ਹੋ ਕੇ ਮੂਸੇਵਾਲਾ ਦਾ ਕਤਲ ਕਰਨਾ ਸੀ। ਸੂਤਰਾਂ ਦਾ ਕਹਿਣਾ ਹੈ ਕਿ ਪੁਲਸ ਦੀ ਵਰਦੀ ਦਾ ਸਾਮਾਨ ਪੂਰਾ ਨਹੀਂ ਸੀ ਅਤੇ ਦੋਵੇਂ ਲੜਕੀਆਂ ਵੀ ਨਹੀਂ ਮਿਲੀਆਂ ਸਨ, ਇਸ ਲਈ ਗੋਲਡੀ ਬਰਾੜ ਵੱਲੋਂ ਇਹ ਯੋਜਨਾ ਰੱਦ ਕਰ ਦਿੱਤੀ ਗਈ ਸੀ। ਜਿਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੀ ਸਕਿਉਰਿਟੀ ਹਟਾਉਣ ਦੀ ਸੂਚਨਾ ਤੋਂ ਬਾਅਦ ਗੈਂਗਸਟਰਾਂ ਨੇ ਸਿੱਧੂ ਮੂਸੇਵਾਲਾ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।
ਸਿੱਧੂ ਦੇ ਮਾਤਾ-ਪਿਤਾ ਨੂੰ ਨਹੀਂ ਮਿਲਿਆ ਇਨਸਾਫ
ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਪਰਿਵਾਰ ਆਪਣੇ ਪੁੱਤ ਦੇ ਇਨਸਾਫ ਲਈ ਦਰ ਦਰ ਭਟਕ ਰਹੇ ਹਨ ਪਰ ਉਨ੍ਹਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਹੈ। ਇਸ ਨੂੰ ਲੈ ਕੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਕੋਈ ਨਾ ਕੋਈ ਬਿਆਨ ਸਾਹਮਣੇ ਆਉਂਦਾ ਰਹਿੰਦਾ ਹੈ।