ਪਾਕਿਸਤਾਨ ਦੇ ਮਸ਼ਹੂਰ ਸੰਗੀਤਕਾਰ ਰਾਹਤ ਫਤਿਹ ਅਲੀ ਖਾਨ ਨੂੰ ਦੁਬਈ 'ਚ ਗ੍ਰਿਫਤਾਰ ਕਰ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਰਾਹਤ ਫਤਿਹ ਅਲੀ ਖਾਨ ਨੂੰ ਉਨ੍ਹਾਂ ਦੇ ਸਾਬਕਾ ਮੈਨੇਜਰ ਸਲਮਾਨ ਅਹਿਮਦ ਦੀ ਮਾਣਹਾਨੀ ਦੀ ਸ਼ਿਕਾਇਤ 'ਤੇ ਗ੍ਰਿਫਤਾਰ ਕੀਤਾ ਗਿਆ ਹੈ। ਖਬਰਾਂ ਮੁਤਾਬਕ ਰਾਹਤ ਫਤਿਹ ਅਲੀ ਖਾਨ ਸੋਮਵਾਰ ਨੂੰ ਇਕ ਸੰਗੀਤ ਪ੍ਰੋਗਰਾਮ ਲਈ ਲਾਹੌਰ ਤੋਂ ਦੁਬਈ ਪਹੁੰਚੇ ਸਨ। ਪਰ ਉਸਨੂੰ ਪੁਲਿਸ ਨੇ ਇਮੀਗ੍ਰੇਸ਼ਨ ਸੈਂਟਰ ਤੋਂ ਹਿਰਾਸਤ ਵਿੱਚ ਲੈ ਲਿਆ ਅਤੇ ਸ਼ਿਕਾਇਤ ਦੇ ਅਧਾਰ 'ਤੇ ਪੁੱਛਗਿੱਛ ਅਤੇ ਰਸਮੀ ਦੋਸ਼ਾਂ ਲਈ ਬੁਰਜ ਦੁਬਈ ਪੁਲਿਸ ਸਟੇਸ਼ਨ ਲਿਜਾਇਆ ਗਿਆ। ਦੁਬਈ ਵਿੱਚ ਮਾਣਹਾਨੀ ਨੂੰ ਗੰਭੀਰ ਅਪਰਾਧ ਮੰਨਿਆ ਜਾਂਦਾ ਹੈ।
ਦੁਸ਼ਮਣ ਜੋ ਸੋਚ ਰਹੇ ਹਨ ,ਅਜਿਹਾ ਕੁਝ ਵੀ ਨਹੀਂ
ਹਾਲਾਂਕਿ ਗਾਇਕ ਨੇ ਇੱਕ ਵੀਡੀਓ ਸ਼ੇਅਰ ਕਰਕੇ ਇਸ ਵਿਵਾਦ ਨੂੰ ਖਤਮ ਕਰ ਦਿੱਤਾ ਹੈ। ਰਾਹਤ ਦੇ ਸਾਬਕਾ ਮੈਨੇਜਰ ਸਲਮਾਨ ਅਹਿਮਦ ਨੇ ਦੁਬਈ ਦੇ ਅਧਿਕਾਰੀਆਂ ਕੋਲ ਉਸਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਰਿਪੋਰਟ ਮੁਤਾਬਕ ਰਾਹਤ ਨੇ ਕੁਝ ਮਹੀਨੇ ਪਹਿਲਾਂ ਵਿਵਾਦ ਕਾਰਨ ਅਹਿਮਦ ਨੂੰ ਬਰਖਾਸਤ ਕਰ ਦਿੱਤਾ ਸੀ। ਰਾਹਤ ਅਤੇ ਅਹਿਮਦ ਦੋਵਾਂ ਨੇ ਇਕ-ਦੂਜੇ ਖਿਲਾਫ ਮਾਮਲਾ ਦਰਜ ਕਰਵਾਇਆ ਸੀ। ਹਾਲਾਂਕਿ ਇਨ੍ਹਾਂ ਖਬਰਾਂ ਤੋਂ ਬਾਅਦ ਰਾਹਤ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਪੋਸਟ ਕਰਕੇ ਕਿਹਾ ਕਿ ਦੁਸ਼ਮਣ ਜੋ ਸੋਚ ਰਹੇ ਹਨ ,ਅਜਿਹਾ ਕੁਝ ਵੀ ਨਹੀਂ ਹੈ।
ਵੀਡੀਓ ਜਾਰੀ ਕਰਕੇ ਕਹੀ ਇਹ ਗੱਲ
ਰਾਹਤ ਫਤਿਹ ਅਲੀ ਖਾਨ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕਰਕੇ ਆਪਣੀ ਗ੍ਰਿਫਤਾਰੀ ਤੋਂ ਇਨਕਾਰ ਕੀਤਾ ਹੈ। ਉਨਾਂ ਨੇ ਵੀਡੀਓ ਵਿੱਚ ਦੱਸਿਆ ਕਿ ਉਹ ਆਪਣੇ ਗੀਤ ਦੀ ਰਿਕਾਰਡਿੰਗ ਲਈ ਦੁਬਈ ਆਇਆ ਹੈ। ਸਭ ਕੁਝ ਠੀਕ ਹੈ ਅਤੇ ਮੇਰੇ ਪ੍ਰਸ਼ੰਸਕਾਂ ਨੂੰ ਅਫਵਾਹਾਂ 'ਤੇ ਧਿਆਨ ਨਹੀਂ ਦੇਣਾ ਚਾਹੀਦਾ। ਅਜਿਹਾ ਕੁਝ ਵੀ ਨਹੀਂ ਹੈ ਜੋ ਦੁਸ਼ਮਣ ਸੋਚ ਰਹੇ ਸਨ। ਮੈਂ ਜਲਦੀ ਹੀ ਆਪਣੇ ਦੇਸ਼ ਵਾਪਸ ਆਵਾਂਗਾ ਅਤੇ ਨਵੇਂ ਗੀਤਾਂ ਨਾਲ ਸਰਪ੍ਰਾਇਜ਼ ਕਰਾਂਗਾ।