ਜਲੰਧਰ 'ਚ ਆਮ ਲੋਕਾਂ ਦੀ ਗੱਲ ਤਾਂ ਛੱਡੋ, ਹੁਣ ਪ੍ਰਮਾਤਮਾ ਵੀ ਸੁਰੱਖਿਅਤ ਨਹੀਂ ਹੈ ਚੋਰਾਂ ਤੋਂ | ਅੱਧੀ ਰਾਤ ਨੂੰ ਮਾਡਲ ਹਾਊਸ ਦੇ ਗਣੇਸ਼ ਮੰਦਰ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਅਤੇ ਨਕਦੀ ਅਤੇ ਹਾਰ ਲੈ ਕੇ ਫ਼ਰਾਰ ਹੋ ਗਏ। ਇਹ ਘਟਨਾ ਮੰਦਰ 'ਚ ਲੱਗੇ ਸੀਸੀਟੀਵੀ ਫੁਟੇਜ ਵਿੱਚ ਕੈਦ ਹੋ ਗਈ।
ਸਵੇਰੇ-ਸਵੇਰੇ ਖਿੱਲਰਿਆ ਪਿਆ ਸੀ ਮੰਦਰ ਦਾ ਸਾਮਾਨ
ਪੰਡਿਤ ਰਾਜ ਮਨੀ ਝਾਅ ਨੇ ਦੱਸਿਆ ਕਿ ਜਦੋਂ ਸਵੇਰੇ 6 ਵਜੇ ਮੰਦਰ ਖੋਲ੍ਹਿਆ ਗਿਆ ਤਾਂ ਦੇਖਿਆ ਕਿ ਮੰਦਰ 'ਚ ਸਾਮਾਨ ਖਿਲਰਿਆ ਪਿਆ ਸੀ ਅਤੇ ਅਲਮਾਰੀ ਖੁੱਲ੍ਹੀ ਹੋਈ ਸੀ। ਚੋਰ ਮੰਦਰ 'ਚੋਂ ਮੂਰਤੀ, ਹਾਰ, ਨਕਦੀ ਤੇ ਹੋਰ ਸਾਮਾਨ ਲੈ ਕੇ ਫਰਾਰ ਹੋ ਗਏ। ਉਹ ਹੈਰਾਨ ਹੈ ਕਿ ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਹ ਲਗਾਤਾਰ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾ ਰਹੇ ਹਨ।
ਸੀਸੀਟੀਵੀ ਫੁਟੇਜ ਚੈੱਕ ਕਰਨ ਤੋਂ ਬਾਅਦ ਹੋਇਆ ਖੁਲਾਸਾ
ਕੁਲਵਿੰਦਰ ਭੰਡਾਰੀ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਪੰਡਤ ਮੰਦਰ 'ਚ ਗਿਆ ਤਾਂ ਦੇਖਿਆ ਕਿ ਤਿਜੋਰੀ ਅਤੇ ਅਲਮਾਰੀ ਤੋੜ ਕੇ ਚੋਰ ਨਕਦੀ ਲੈ ਕੇ ਭੱਜ ਗਏ। ਜਦੋਂ ਸੀਸੀਟੀਵੀ ਚੈੱਕ ਕੀਤਾ ਗਿਆ ਤਾਂ ਉਸ ਵਿੱਚ ਚੋਰੀ ਦੀ ਇਹ ਘਟਨਾ ਰਿਕਾਰਡ ਹੋ ਗਈ। ਹਾਲਾਂਕਿ ਵੀਡੀਓ 'ਚ ਚੋਰ ਦਾ ਚਿਹਰਾ ਪੂਰੀ ਤਰ੍ਹਾਂ ਨਾਲ ਸਾਫ ਦਿਖਾਈ ਨਹੀਂ ਦੇ ਰਿਹਾ ਹੈ। ਹੋਰ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।
ਚੋਰਾਂ ਨੂੰ ਜਲਦੀ ਹੀ ਫ਼ੜਿਆ ਜਾਵੇਗਾ - ਪੁਲਿਸ
ਪੁਲਸ ਨੂੰ ਮੌਕੇ ’ਤੇ ਬੁਲਾਇਆ ਗਿਆ। ਜਿਸ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਸੀਸੀਟੀਵੀ ਫੁਟੇਜ ਨੂੰ ਸਕੈਨ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਸੀਸੀਟੀਵੀ ਮਦਦ ਨਾਲ ਚੋਰਾਂ ਨੂੰ ਜਲਦੀ ਹੀ ਫੜ ਲਿਆ ਜਾਵੇਗਾ।