ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਹਵਾਈ ਅੱਡੇ ਤੋਂ ਗਹਿਣੇ ਐਕਸਪੋਰਟ ਕਰਨ ਦੀ ਇਜਾਜ਼ਤ ਮਿਲ ਗਈ। ਇਸ ਸਬੰਧੀ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਜਾਣਕਾਰੀ ਦਿੱਤੀ।
ਦੱਸ ਦੇਈਏ ਕਿ ਇਸ ਸਬੰਧੀ ਔਜਲਾ ਲਗਾਤਾਰ ਯਤਨ ਕਰ ਰਹੇ ਸਨ। ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਉਨ੍ਹਾਂ ਦੇ ਯਤਨਾਂ ਸਦਕਾ ਅੰਮ੍ਰਿਤਸਰ ਤਰੱਕੀ ਵੱਲ ਵਧ ਰਿਹਾ ਹੈ। ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਉਨ੍ਹਾਂ ਨੂੰ ਕਾਰੋਬਾਰੀਆਂ ਵਲੋਂ ਲਗਾਤਾਰ ਮੰਗਾਂ ਮਿਲ ਰਹੀਆਂ ਸਨ ਕਿ ਅੰਮ੍ਰਿਤਸਰ ਹਵਾਈ ਅੱਡੇ ਤੋਂ ਸੋਨੇ-ਚਾਂਦੀ ਦੇ ਗਹਿਣੇ ਬਾਹਰ ਭੇਜਣ ਦਾ ਕੰਮ ਸ਼ੁਰੂ ਕੀਤਾ ਜਾਵੇ। ਇਸ ਤੋਂ ਬਾਅਦ ਉਨ੍ਹਾਂ ਨੇ ਇਸ ਮਾਮਲੇ 'ਤੇ ਗੰਭੀਰਤਾ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਅੱਜ ਉਸ ਦੇ ਨਤੀਜੇ ਸਭ ਦੇ ਸਾਹਮਣੇ ਹਨ।
ਇਹ ਕਦਮ ਅੰਮ੍ਰਿਤਸਰ ਦੇ ਵਪਾਰ ਨੂੰ ਵੱਡੀ ਛਲਾਂਗ ਦੇਵੇਗਾ
ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਉਨ੍ਹਾਂ ਨੂੰ ਕਾਰੋਬਾਰੀਆਂ ਵੱਲੋਂ ਲਗਾਤਾਰ ਮੰਗਾਂ ਮਿਲ ਰਹੀਆਂ ਸਨ ਕਿ ਅੰਮ੍ਰਿਤਸਰ ਹਵਾਈ ਅੱਡੇ ਤੋਂ ਸੋਨੇ-ਚਾਂਦੀ ਦੇ ਗਹਿਣੇ ਬਾਹਰ ਭੇਜਣ ਦਾ ਕੰਮ ਸ਼ੁਰੂ ਕੀਤਾ ਜਾਵੇ। ਇਸ ਸਬੰਧੀ ਉਨ੍ਹਾਂ ਨੇ ਪਹਿਲਾਂ ਵਣਜ ਅਤੇ ਉਦਯੋਗ ਮੰਤਰਾਲੇ ਨੂੰ ਈਮੇਲ ਲਿਖੀ ਤੇ ਫਿਰ ਅਕਤੂਬਰ ਮਹੀਨੇ ਵਿੱਚ ਇੱਕ ਪੱਤਰ ਲਿਖ ਕੇ ਸਾਰੀ ਜਾਣਕਾਰੀ ਦਿੱਤੀ।ਉਸ ਚਿੱਠੀ ਵਿਚ ਉਨਾਂ ਨੇ ਦੱਸਿਆ ਸੀ ਕਿ ਕਿਵੇਂ ਇਹ ਕਦਮ ਅੰਮ੍ਰਿਤਸਰ ਦੇ ਵਪਾਰ ਨੂੰ ਵੱਡੀ ਛਲਾਂਗ ਦੇਵੇਗਾ।
ਨਿਰਯਾਤ ਈਕੋਸਿਸਟਮ ਨੂੰ ਮਜ਼ਬੂਤੀ ਮਿਲੇਗੀ
ਅੰਮ੍ਰਿਤਸਰ ਹਵਾਈ ਅੱਡੇ ਤੋਂ ਸੋਨੇ, ਚਾਂਦੀ ਦੇ ਗਹਿਣਿਆਂ ਅਤੇ ਸਬੰਧਤ ਵਸਤੂਆਂ ਦੇ ਨਿਰਯਾਤ ਦੀ ਆਗਿਆ ਦੇਣ ਨਾਲ ਲਾਗਤ ਅਤੇ ਆਵਾਜਾਈ ਦੇ ਸਮੇਂ ਵਿੱਚ ਕਮੀ ਆਵੇਗੀ। ਉੱਚ ਮੁੱਲ ਦੀਆਂ ਵਸਤੂਆਂ ਦੀ ਆਵਾਜਾਈ ਦੇ ਜੋਖਮ ਨੂੰ ਘਟਾਇਆ ਜਾ ਸਕਦਾ ਹੈ। ਸਥਾਨਕ ਵਪਾਰ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਅਤੇ ਖੇਤਰੀ ਆਰਥਿਕਤਾ ਨੂੰ ਹੁਲਾਰਾ ਮਿਲੇਗਾ, ਜਿਸ ਨਾਲ ਸਾਡੇ ਵਪਾਰੀਆਂ ਨੂੰ ਬਹੁਤ ਫਾਇਦਾ ਹੋਵੇਗਾ ਅਤੇ ਸਥਾਨਕ ਨਿਰਯਾਤ ਈਕੋਸਿਸਟਮ ਨੂੰ ਮਜ਼ਬੂਤੀ ਮਿਲੇਗੀ।
ਕੇਂਦਰੀ ਉਦਯੋਗ ਤੇ ਵਣਜ ਮੰਤਰੀ ਜਤਿਨ ਪ੍ਰਸਾਦ ਨਾਲ ਕੀਤੀ ਸੀ ਮੁਲਾਕਾਤ
ਸਾਂਸਦ ਔਜਲਾ ਨੇ ਇਸ ਮਾਮਲੇ ਨੂੰ ਲੈ ਕੇ ਕੇਂਦਰੀ ਉਦਯੋਗ ਅਤੇ ਵਣਜ ਮੰਤਰੀ ਜਤਿਨ ਪ੍ਰਸਾਦ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਨੂੰ ਸਥਿਤੀ ਤੋਂ ਜਾਣੂ ਕਰਵਾਇਆ ਸੀ।
ਅੰਮ੍ਰਿਤਸਰ ਹਵਾਈ ਅੱਡੇ ਨੂੰ ‘ਐਕਸਪੋਰਟ ਪੋਰਟਾਂ’ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਇਹ ਜੋੜ ਕਾਰੋਬਾਰ ਕਰਨ ਵਿੱਚ ਸੌਖ ਲਈ ਯੋਜਨਾਵਾਂ ਦੇ ਤਹਿਤ ਸੋਨੇ/ਚਾਂਦੀ/ਪਲੈਟੀਨਮ ਦੇ ਗਹਿਣਿਆਂ ਅਤੇ ਉਨ੍ਹਾਂ ਦੀਆਂ ਵਸਤੂਆਂ ਦੇ ਨਿਰਯਾਤ ਦੀ ਸਹੂਲਤ ਦਿੰਦਾ ਹੈ।
ਸੰਸਦ ਮੈਂਬਰ ਔਜਲਾ ਨੇ ਇਸ ਲਈ ਮੰਤਰੀ ਜਿਤਿਨ ਪ੍ਰਸਾਦ ਦਾ ਵੀ ਧੰਨਵਾਦ ਕੀਤਾ ਅਤੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਕਾਂਗਰਸ ਅਤੇ ਇਸ ਦਾ ਹਰ ਆਗੂ ਲੋਕਾਂ ਲਈ ਵਚਨਬੱਧ ਹੈ। ਉਹ ਖੁਦ ਵੀ ਸ੍ਰੀ ਅੰਮ੍ਰਿਤਸਰ ਨੂੰ ਹੋਰ ਉਚਾਈਆਂ 'ਤੇ ਲਿਜਾਣ ਦਾ ਸੁਪਨਾ ਦੇਖਦੇ ਹਨ ਅਤੇ ਇਸ ਦੀ ਪ੍ਰਾਪਤੀ ਲਈ ਯਤਨਸ਼ੀਲ ਹਨ।