ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਦੁਬਈ ਜਾਣ ਵਾਲੀ ਫਲਾਈਟ ਨੂੰ ਕੈਂਸਲ ਕਰ ਦਿੱਤਾ ਗਿਆ। ਸ਼ਨੀਵਾਰ ਦੇਰ ਰਾਤ 12 ਵਜੇ ਅੰਮ੍ਰਿਤਸਰ ਤੋਂ ਦੁਬਈ ਜਾਣ ਵਾਲੀ ਫਲਾਈਟ ਰੱਦ ਕਰ ਦਿੱਤੇ ਜਾਣ ਤੋਂ ਬਾਅਦ ਯਾਤਰੀਆਂ ਨੇ ਹੰਗਾਮਾ ਕੀਤਾ। ਇਸ ਤੋਂ ਬਾਅਦ ਜਹਾਜ਼ 'ਚ ਬੈਠੇ ਯਾਤਰੀ ਹਵਾਈ ਜਹਾਜ਼ ਦੇ ਸਟਾਫ ਉਤੇ ਭੜਕ ਗਏ, ਜਿਸ ਕਾਰਨ ਸਟਾਫ ਨੂੰ ਮੁਆਫੀ ਮੰਗਣੀ ਪਈ।
6 ਘੰਟਿਆਂ ਤੱਕ ਫਲਾਈਟ ਵਿੱਚ ਬੈਠੇ ਰਹੇ ਪੈਸੰਜਰ
ਦਰਅਸਲ ਸ਼ਾਮ 7 ਵਜੇ ਅੰਮ੍ਰਿਤਸਰ ਤੋਂ ਦੁਬਈ ਲਈ ਇੰਡੀਆ ਐਕਸਪ੍ਰੈਸ ਦੀ ਫਲਾਈਟ ਸੀ। ਯਾਤਰੀ ਆਪਣੇ ਬੋਰਡਿੰਗ ਪਾਸ ਦਿਖਾ ਕੇ 6 ਵਜੇ ਜਹਾਜ਼ 'ਚ ਸਵਾਰ ਹੋ ਗਏ। ਪਰ ਜਦੋਂ ਕਾਫੀ ਦੇਰ ਤੱਕ ਜਹਾਜ਼ ਨੇ ਟੇਕ ਆਫ ਨਾ ਕੀਤਾ ਤਾਂ ਯਾਤਰੀ ਪੁੱਛਣ ਲੱਗੇ, ਜਿਸ ਤੋਂ ਬਾਅਦ ਰਾਤ 12 ਵਜੇ ਫਲਾਈਟ ਕੈਂਸਲ ਹੋਣ ਦੀ ਜਾਣਕਾਰੀ ਦਿੱਤੀ ਗਈ।
ਫਲਾਈਟ ਵਿੱਚ ਪਾਣੀ ਤੱਕ ਨਹੀਂ ਦਿੱਤਾ ਗਿਆ
ਯਾਤਰੀ ਮਿਲਨ ਕਪੂਰ ਨੇ ਇਸ ਘਟਨਾ ਬਾਰੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਲਿਖਿਆ ਕਿ ਫਲਾਈਟ 'ਚ ਪਾਣੀ ਵੀ ਨਹੀਂ ਦਿੱਤਾ ਗਿਆ। 3 ਘੰਟੇ ਦੇ ਇੰਤਜ਼ਾਰ ਤੋਂ ਬਾਅਦ ਜਦੋਂ ਯਾਤਰੀਆਂ ਨੇ ਫਲਾਈਟ ਦੇ ਟੇਕਆਫ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਮਾਮਲੇ ਨੂੰ ਤੋੜ ਮਰੋੜਨਾ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਰਾਤ 9 ਵਜੇ ਹੰਗਾਮਾ ਸ਼ੁਰੂ ਹੋ ਗਿਆ। ਜਹਾਜ਼ ਦਾ ਸਟਾਫ਼ ਦੁਹਰਾਉਂਦਾ ਰਿਹਾ ਕਿ ਫਲਾਈਟ ਜਲਦੀ ਹੀ ਉਡਾਣ ਭਰੇਗੀ।
6 ਘੰਟੇ ਬਾਅਦ ਦੱਸਿਆ ਕਿ ਫਲਾਈਟ ਰੱਦ ਕਰ ਦਿੱਤੀ
ਘਟਨਾ ਬਾਰੇ ਤਨਵੀਰ ਸਿੰਘ ਨੇ ਦੱਸਿਆ ਕਿ ਫਲਾਈਟ ਵਿੱਚ ਕੁੱਲ 184 ਯਾਤਰੀ ਮੌਜੂਦ ਸਨ। ਜਦੋਂ ਸਾਰੇ ਯਾਤਰੀਆਂ ਨੇ ਜਹਾਜ਼ ਦੇ ਸਟਾਫ 'ਤੇ ਦਬਾਅ ਪਾਇਆ ਕਿ ਟੇਕਆਫ ਕਦੋਂ ਹੋਵੇਗਾ ਤਾਂ 6 ਘੰਟੇ ਬਾਅਦ ਉਨ੍ਹਾਂ ਨੇ ਦੱਸਿਆ ਕਿ ਅੱਜ ਦੀ ਫਲਾਈਟ ਰੱਦ ਕਰ ਦਿੱਤੀ ਗਈ ਹੈ। ਹਾਲਾਂਕਿ, ਇਹ ਨਹੀਂ ਦੱਸਿਆ ਗਿਆ ਕਿ ਫਲਾਈਟ ਕਿਉਂ ਰੱਦ ਕੀਤੀ ਗਈ।