ਕੈਨੇਡਾ ਨੇ ਆਪਣੇ ਟੂਰਿਸਟ ਵੀਜ਼ਾ ਨਿਯਮਾਂ 'ਚ ਬਦਲਾਅ ਕੀਤਾ ਹੈ। ਜਿਸ ਕਾਰਨ ਕੈਨੇਡਾ ਦੇ ਦਰਵਾਜ਼ੇ ਭਾਰਤੀਆਂ ਲਈ ਬੰਦ ਹੁੰਦੇ ਨਜ਼ਰ ਆ ਰਹੇ ਹਨ। ਕੈਨੇਡਾ ਟੂਰਿਸਟ ਵੀਜ਼ਾ 'ਤੇ ਘੱਟੋ-ਘੱਟ 6 ਮਹੀਨੇ ਦਾ ਸਮਾਂ ਦਿੰਦਾ ਸੀ। ਜੋ ਕਿ ਬਿਨੈਕਾਰ ਦੇ ਪਾਸਪੋਰਟ ਦੀ ਵੈਧਤਾ 'ਤੇ ਨਿਰਭਰ ਕਰਦਾ ਸੀ, ਪਰ ਨਵਾਂ ਨਿਯਮ ਹੁਣ ਸ਼ੈਂਗੇਨ ਵੀਜ਼ਾ ਵਰਗਾ ਹੋ ਗਿਆ ਹੈ, ਜਿਸ 'ਚ ਯੂਰਪੀਅਨ ਦੇਸ਼ਾਂ ਦੀ ਯਾਤਰਾ ਲਈ ਹਰ ਵਾਰ ਵੀਜ਼ਾ ਲਈ ਅਪਲਾਈ ਕਰਨਾ ਪੈਂਦਾ ਹੈ।
ਰਿਸ਼ਤੇਦਾਰਾਂ ਦਾ ਲੱਗਿਆ ਰਹਿੰਦਾ ਆਉਣਾ-ਜਾਣਾ
ਇਸ ਤੋਂ ਪਹਿਲਾਂ, ਭਾਰਤੀਆਂ ਲਈ ਕੈਨੇਡਾ ਦੇ ਟੂਰਿਸਟ ਵੀਜ਼ੇ ਨੇ ਮਲਟੀਪਲ ਐਂਟਰੀ ਸਹੂਲਤ ਪ੍ਰਦਾਨ ਕੀਤੀ ਸੀ, ਜੋ ਕਿ ਭਾਰਤੀ ਪਰਿਵਾਰਾਂ ਲਈ ਰਾਹਤ ਸੀ, ਕਿਉਂਕਿ ਵੱਡੀ ਗਿਣਤੀ 'ਚ ਭਾਰਤੀ ਕੈਨੇਡਾ ਵਿੱਚ ਰਹਿੰਦੇ ਹਨ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਅਕਸਰ ਇੱਥੇ ਆਉਂਦੇ ਹਨ। ਜਾਣਕਾਰੀ ਅਨੁਸਾਰ 2023 'ਚ ਕੈਨੇਡਾ ਨੇ 12 ਲੱਖ ਭਾਰਤੀਆਂ ਨੂੰ ਟੂਰਿਸਟ ਵੀਜ਼ੇ ਜਾਰੀ ਕੀਤੇ ਸਨ, ਜਿਨ੍ਹਾਂ 'ਚੋਂ 60 ਫੀਸਦੀ ਪੰਜਾਬੀ ਸਨ।
ਹਰ ਵਾਰ ਕਰਨਾ ਹੋਵੇਗਾ ਅਪਲਾਈ
ਕੈਨੇਡਾ ਵੱਲੋਂ ਜਾਰੀ ਨਵੇਂ ਨਿਯਮ ਮੁਤਾਬਕ ਹੁਣ ਹਰ ਭਾਰਤੀ ਨਾਗਰਿਕ ਨੂੰ ਹਰ ਵਾਰ ਕੈਨੇਡਾ ਜਾਣ ਸਮੇਂ ਨਵੇਂ ਵੀਜ਼ੇ ਲਈ ਅਪਲਾਈ ਕਰਨਾ ਹੋਵੇਗਾ। ਇਸ ਤੋਂ ਇਲਾਵਾ ਵੀਜ਼ਾ ਮਿਲਣ ਤੋਂ ਬਾਅਦ ਹੁਣ ਇਕ ਮਹੀਨੇ ਦੇ ਅੰਦਰ ਕੈਨੇਡਾ ਛੱਡਣਾ ਜ਼ਰੂਰੀ ਹੋਵੇਗਾ।
ਭਾਰਤ 'ਚ ਵੀਜ਼ਾ ਅਫਸਰਾਂ ਦੀ ਗਿਣਤੀ ਵੀ ਘਟੀ
ਕੈਨੇਡਾ ਵੱਲੋਂ ਵੀਜ਼ਾ ਨਿਯਮਾਂ ਵਿੱਚ ਇਸ ਸਖ਼ਤੀ ਕਾਰਨ ਪਿਛਲੇ ਸਾਲ ਤੋਂ ਭਾਰਤ ਨਾਲ ਵਧਦਾ ਤਣਾਅ ਮੰਨਿਆ ਜਾ ਰਿਹਾ ਹੈ। ਇਸ ਕਾਰਨ ਕੈਨੇਡਾ ਨੇ ਭਾਰਤ 'ਚ ਆਪਣੇ ਵੀਜ਼ਾ ਅਫਸਰਾਂ ਦੀ ਗਿਣਤੀ ਘਟਾ ਦਿੱਤੀ ਹੈ ਅਤੇ ਹੁਣ ਵੀਜ਼ਾ ਅਰਜ਼ੀਆਂ ਸਿਰਫ਼ ਦਿੱਲੀ 'ਚ ਹੀ ਸਵੀਕਾਰ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਬੈਂਗਲੁਰੂ, ਚੰਡੀਗੜ੍ਹ ਅਤੇ ਮੁੰਬਈ ਵਿੱਚ ਵੀ ਕੈਨੇਡੀਅਨ ਵੀਜ਼ਾ ਐਪਲੀਕੇਸ਼ਨ ਸੈਂਟਰ ਸਨ, ਜੋ ਹੁਣ ਬੰਦ ਕਰ ਦਿੱਤੇ ਗਏ ਹਨ।
ਲੰਬਾ ਸਮਾਂ ਕਰਨਾ ਪਵੇਗਾ ਇੰਤਜ਼ਾਰ
ਭਾਰਤ ਵਿੱਚ ਵੀਜ਼ਾ ਅਫਸਰਾਂ ਦੀ ਘਾਟ ਕਾਰਨ ਕੈਨੇਡਾ ਦਾ ਵੀਜ਼ਾ ਅਪਲਾਈ ਕਰਨ ਵਾਲਿਆਂ ਨੂੰ ਲੰਮੀ ਉਡੀਕ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਾਰ-ਵਾਰ ਵੀਜ਼ਾ ਅਰਜ਼ੀਆਂ ਦੀ ਲੋੜ ਹੁਣ ਕੈਨੇਡਾ ਦੇ ਵੀਜ਼ਾ ਅਰਜ਼ੀਆਂ ਦੇ ਬੈਕਲਾਗ ਨੂੰ ਵਧਾਏਗੀ ਅਤੇ ਵੀਜ਼ਾ ਅਰਜ਼ੀ ਕੇਂਦਰਾਂ 'ਤੇ ਦਬਾਅ ਵਧਾਏਗੀ।