ਹਰ ਕੋਈ ਵਿਦੇਸ਼ 'ਚ ਜਾ ਕੇ ਪੜ੍ਹਨ ਰੁਝਾਨ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ, ਹਰ ਇੱਕ ਭਾਰਤੀ ਆਪਣੇ ਉੱਜਵਲ ਭਵਿੱਖ ਲਈ ਵਿਦੇਸ਼ 'ਚ ਜਾ ਕੇ ਕੰਮ ਕਰਨਾ ਤੇ ਪੜ੍ਹਾਈ ਕਰਨਾ ਚਾਹੁੰਦਾ ਹੈ | ਪੰਜਾਬ 'ਚ ਇਸ ਦਾ ਸਭ ਤੋਂ ਵੱਧ ਅਸਰ ਦੇਖਣ ਨੂੰ ਮਿਲ ਰਿਹਾ ਹੈ | ਲੋਕ ਲੱਖਾਂ ਦਾ ਕਰਜ਼ਾ ਚੁੱਕ ਆਪਣੀਆਂ ਜ਼ਮੀਨਾਂ ਗਹਿਣੇ ਰੱਖ ਕੇ ਆਪਣੇ ਬੱਚਿਆਂ ਨੂੰ ਬਾਹਰ ਭੇਜ ਰਹੇ ਹਨ | ਅੱਜ ਕੱਲ੍ਹ ਹਰ ਇੱਕ ਕੋਈ ਬਾਰ੍ਹਵੀਂ ਤੋਂ ਬਾਅਦ IELTS ਕਰ ਬਾਹਰ ਜਾਣਾ ਚਾਹੁੰਦਾ ਹੈ | ਅਜਿਹੇ 'ਚ ਕੈਨੇਡਾ ਪੰਜਾਬੀਆਂ ਲਈ ਸਭ ਤੋਂ ਪਸੰਦੀਦਾ ਸਥਾਨ ਬਣਿਆ ਹੋਇਆ ਹੈ।
ਪਹਿਲੀ ਪਸੰਦ ਬਣਿਆ ਹੈ ਕੈਨੇਡਾ
ਕੈਨੇਡਾ ਲੰਬੇ ਸਮੇਂ ਤੋਂ ਭਾਰਤੀਆਂ ਲਈ ਪਸੰਦੀਦਾ ਸਥਾਨ ਰਿਹਾ ਹੈ। ਸਟੂਡੈਂਟ ਵੀਜ਼ਾ, ਵਰਕ ਪਰਮਿਟ, ਸਥਾਈ ਨਿਵਾਸ ਅਤੇ ਫਿਰ ਨਾਗਰਿਕਤਾ ਪ੍ਰਾਪਤ ਕਰਕੇ ਕੈਨੇਡਾ ਵਿੱਚ ਸੈਟਲ ਹੋਣਾ ਵੀ ਆਸਾਨ ਹੋ ਗਿਆ ਹੈ। ਇਨ੍ਹਾਂ ਗੱਲਾਂ ਨੇ ਕੈਨੇਡਾ ਨੂੰ ਸੁਪਨਿਆਂ ਦਾ ਦੇਸ਼ ਬਣਾ ਦਿੱਤਾ ਹੈ ਜਿੱਥੇ ਕੋਈ ਜਾ ਕੇ ਚੰਗੀ ਜ਼ਿੰਦਗੀ ਜੀ ਸਕਦਾ ਹੈ। ਅਜਿਹੇ 'ਚ ਪਿਛਲੇ ਸਾਲਾਂ 'ਚ ਵੱਡੀ ਗਿਣਤੀ 'ਚ ਭਾਰਤੀ ਨੌਜਵਾਨ ਕੈਨੇਡਾ ਗਏ ਹਨ।
ਕੈਨੇਡਾ ਸਰਕਾਰ ਦੇ ਰਹੀ ਇੱਕ ਤੋਂ ਬਾਅਦ ਇੱਕ ਝਟਕਾ
ਭਾਰਤ 'ਚੋਂ ਸਭ ਤੋਂ ਜ਼ਿਆਦਾ ਵਿਦਿਆਰਥੀ ਪੜ੍ਹਣ ਲਈ ਕੈਨੇਡਾ ਜਾਂਦੇ ਹਨ ਪਰ ਹੁਣ ਕੈਨੇਡਾ ਸਰਕਾਰ ਵਿਦਿਆਰਥੀਆਂ ਨੂੰ ਲੈ ਕੇ ਵੀ ਸਖ਼ਤ ਨਜ਼ਰ ਆ ਰਹੀ ਹੈ | ਕੈਨੇਡਾ ਵਿੱਚ ਟਰੂਡੋ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਇੱਕ ਤੋਂ ਬਾਅਦ ਇੱਕ ਵੱਡੇ ਝਟਕੇ ਦੇ ਰਹੀ ਹੈ। ਪਹਿਲਾਂ ਵਰਕ ਪਰਮਿਟ 'ਤੇ ਨਿਯਮ ਸਖਤ ਕਰ ਦਿੱਤੇ ਤੇ ਫਿਰ ਸਟੂਡੈਂਟ ਵੀਜ਼ੇ 'ਚ ਕੀਤੀ ਵੱਡੀ ਕਟੌਤੀ ਕੀਤੀ ਗਈ | ਵਿਜ਼ਟਰ ਵੀਜ਼ਾ 'ਤੇ ਗਏ ਲੋਕਾਂ ਨੂੰ ਹੁਣ ਵਰਕ ਪਰਮਿਟ ਨਹੀਂ ਮਿਲ ਸਕੇਗਾ | ਤੇ ਫਿਰ ਕੈਨੇਡਾ ਸਰਕਾਰ ਨੇ ਵਰਕ ਪਰਮਿਟ 'ਤੇ ਕੁਝ ਸਮੇਂ ਲਈ ਰੋਕ ਲਗਾ ਦਿੱਤੀ ਹੈ |
ਸਟੂਡੈਂਟ ਵੀਜ਼ੇ 'ਚ ਕੀਤੀ ਵੱਡੀ ਕਟੌਤੀ
ਅਸਥਾਈ ਨਿਵਾਸੀਆਂ ਦੀ ਗਿਣਤੀ ਨੂੰ ਘਟਾਉਣ ਦੀ ਕੋਸ਼ਿਸ਼ 'ਚ ਸਰਕਾਰ ਨੇ ਵਿਦਿਆਰਥੀ ਵੀਜ਼ਿਆਂ ਦੀ ਗਿਣਤੀ ਘਟਾਉਣ ਦਾ ਐਲਾਨ ਕੀਤਾ ਹੈ। ਇਹ ਐਲਾਨ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੇ ਆਪਣੇ ਐਕਸ ਅਕਾਊਂਟ 'ਤੇ ਕੀਤਾ ਹੈ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਲਿਖਿਆ, “ਅਸੀਂ ਇਸ ਸਾਲ 35 ਫੀਸਦੀ ਘੱਟ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪਰਮਿਟ ਦੇ ਰਹੇ ਹਾਂ। ਅਗਲੇ ਸਾਲ ਇਸ ਵਿੱਚ 10 ਫੀਸਦੀ ਦੀ ਹੋਰ ਕਟੌਤੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਮੀਗ੍ਰੇਸ਼ਨ ਸਾਡੀ ਆਰਥਿਕਤਾ ਲਈ ਇੱਕ ਫਾਇਦਾ ਹੈ। ਪਰ ਜਦੋਂ ਮਾੜੇ ਲੋਕ ਇਸ ਪ੍ਰਣਾਲੀ ਦੀ ਦੁਰਵਰਤੋਂ ਕਰਦੇ ਹਨ ਅਤੇ ਵਿਦਿਆਰਥੀਆਂ ਦਾ ਫਾਇਦਾ ਉਠਾਉਂਦੇ ਹਨ, ਤਾਂ ਅਸੀਂ ਉਨ੍ਹਾਂ ਵਿਰੁੱਧ ਕਾਰਵਾਈ ਕਰਦੇ ਹਾਂ।
ਹੁਣ ਨੌਕਰੀ ਮਿਲਣੀ ਹੋਈ ਹੋਰ ਵੀ ਮੁਸ਼ਕਿਲ
ਕੈਨੇਡਾ ਸਰਕਾਰ ਆਪਣੇ ਦੇਸ਼ ਵਿੱਚ ਬੇਰੁਜ਼ਗਾਰੀ ਨੂੰ ਘਟਾਉਣ ਲਈ ਲਗਾਤਾਰ ਵੱਖ-ਵੱਖ ਨਿਯਮ ਲਿਆ ਰਹੀ ਹੈ। ਇਸ ਨੇ ਦੂਜੇ ਦੇਸ਼ਾਂ ਦੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ ਜੋ ਕੈਨੇਡਾ ਵਿੱਚ ਭਵਿੱਖ ਦੇਖਦੇ ਹਨ। ਟਰੂਡੋ ਸਰਕਾਰ ਨੇ ਕੈਨੇਡਾ ਵਿੱਚ ‘ਟੈਂਪਰੇਰੀ ਫੌਰਨ ਵਰਕਰ ਪ੍ਰੋਗਰਾਮ’ ਵਿੱਚ ਬਦਲਾਅ ਕੀਤੇ ਹਨ, ਤਾਂ ਜੋ ਇਸ ਸਕੀਮ ਦੀ ਦੁਰਵਰਤੋਂ ਨੂੰ ਰੋਕਿਆ ਜਾ ਸਕੇ। ਨਾਲ ਹੀ ਇਸ ਸਕੀਮ ਰਾਹੀਂ ਲੋਕਾਂ ਨੂੰ ਧੋਖਾਧੜੀ ਤੋਂ ਬਚਾਇਆ ਜਾ ਸਕਦਾ ਹੈ।
ਦਰਅਸਲ, ਕੈਨੇਡਾ 'ਚ 'ਅਸਥਾਈ ਵਿਦੇਸ਼ੀ ਵਰਕਰ' (TFW) ਪ੍ਰੋਗਰਾਮ ਦੇ ਰਾਹੀਂ ਕੈਨੇਡੀਅਨ ਕੰਪਨੀਆਂ ਵਿਦੇਸ਼ੀ ਕਾਮਿਆਂ ਦੀ ਭਰਤੀ ਕਰਦੀਆਂ ਹਨ। ਉਹਨਾਂ ਕੋਲ ਅਜਿਹਾ ਕਰਨ ਦਾ ਵਿਕਲਪ ਤਾਂ ਹੀ ਹੁੰਦਾ ਹੈ , ਜਦ ਉਨ੍ਹਾਂ ਨੂੰ ਕੈਨੇਡਾ 'ਚ ਵਧੀਆ ਤੇ ਯੋਗ ਲੋਕ ਕੰਮ ਕਰਨ ਲਈ ਨਹੀਂ ਮਿਲੇ |
TFW ਦਾ ਹੋ ਰਹੀ ਹੈ ਦੁਰਵਰਤੋਂ
ਪਰ ਸਰਕਾਰ ਹੁਣ ਇਸ ਨੂੰ ਬਦਲ ਰਹੀ ਹੈ। ਕੈਨੇਡੀਅਨ ਸਰਕਾਰ ਦਾ ਕਹਿਣਾ ਹੈ ਕਿ ਦੇਸ਼ 'ਚ ਪ੍ਰਤਿਭਾਸ਼ਾਲੀ ਕਾਮਿਆਂ ਦੀ ਭਰਤੀ ਤੋਂ ਬਚਣ ਅਤੇ ਇਸ ਦੀ ਬਜਾਏ ਵਿਦੇਸ਼ੀ ਕਰਮਚਾਰੀਆਂ 'ਤੇ ਭਰੋਸਾ ਕਰਨ ਲਈ 'ਅਸਥਾਈ ਵਿਦੇਸ਼ੀ ਵਰਕਰ' (TFW) ਪ੍ਰੋਗਰਾਮ ਦੀ ਦੁਰਵਰਤੋਂ ਕੀਤੀ ਗਈ ਹੈ।
ਨੌਕਰੀਆਂ 'ਚ ਦੇਸ਼ ਦੇ ਨੌਜਵਾਨਾਂ ਨੂੰ ਦਿੱਤੀ ਜਾਵੇ ਪਹਿਲ
ਸਰਕਾਰ ਨੇ ਕਿਹਾ ਹੈ ਕਿ ਹੁਣ 'ਅਸਥਾਈ ਵਿਦੇਸ਼ੀ ਕਰਮਚਾਰੀ' ਪ੍ਰੋਗਰਾਮ ਦੀ ਵਰਤੋਂ ਕਰਦੇ ਹੋਏ ਵਿਦੇਸ਼ੀ ਕਰਮਚਾਰੀਆਂ ਦੀ ਭਰਤੀ ਕਰਨ ਤੋਂ ਪਹਿਲਾਂ ਕੰਪਨੀਆਂ ਨੂੰ 'ਲੇਬਰ ਮਾਰਕੀਟ ਇਮਪੈਕਟ ਅਸੈਸਮੈਂਟ' (ਐੱਲ.ਐੱਮ.ਆਈ.ਏ.) ਕਰਨਾ ਹੋਵੇਗਾ, ਜਿਸ 'ਚ ਉਨ੍ਹਾਂ ਨੂੰ ਇਹ ਸਾਬਤ ਕਰਨਾ ਹੋਵੇਗਾ ਕਿ ਜਿਸ ਨੌਕਰੀ 'ਤੇ ਵਿਦੇਸ਼ੀ ਕਰਮਚਾਰੀ ਨੂੰ ਰੱਖ ਰਹੀ ਹੈ , ਉਸ ਨੂੰ ਕਰਨ ਲਈ ਦੇਸ਼ ਵਿੱਚ ਕੋਈ ਯੋਗ ਨਾਗਰਿਕ ਨਹੀਂ ਹੈ।
ਸਰਕਾਰ ਚਾਹੁੰਦੀ ਹੈ ਕਿ ਕੈਨੇਡੀਅਨ ਕੰਪਨੀਆਂ ਅਤੇ ਮਾਲਕ ਇਸ ਪ੍ਰੋਗਰਾਮ 'ਤੇ ਆਪਣੀ ਨਿਰਭਰਤਾ ਘੱਟ ਕਰਨ। TFW ਪ੍ਰੋਗਰਾਮ ਸਬੰਧੀ ਨਵੇਂ ਨਿਯਮ 26 ਸਤੰਬਰ ਤੋਂ ਲਾਗੂ ਹੋ ਗਏ ਹਨ। ਕੈਨੇਡਾ ਸਰਕਾਰ ਮੈਟਰੋਪੋਲੀਟਨ ਖੇਤਰਾਂ ਵਿੱਚ 6% ਜਾਂ ਇਸ ਤੋਂ ਵੱਧ ਦੀ ਬੇਰੁਜ਼ਗਾਰੀ ਦਰ ਵਾਲੇ LMIAs ਦੀ ਪ੍ਰਕਿਰਿਆ ਕਰਨ ਤੋਂ ਇਨਕਾਰ ਕਰਨ ਵਾਲੀ ਹੈ।
10 ਫੀਸਦੀ ਤੋਂ ਵੱਧ ਵਿਦੇਸ਼ੀ ਰੱਖਣ ਦੀ ਇਜਾਜ਼ਤ ਨਹੀਂ
ਭੋਜਨ ਸੁਰੱਖਿਆ ਖੇਤਰਾਂ (ਖੇਤੀਬਾੜੀ, ਫੂਡ ਪ੍ਰੋਸੈਸਿੰਗ ਅਤੇ ਮੱਛੀ ਪ੍ਰੋਸੈਸਿੰਗ) ਦੇ ਨਾਲ-ਨਾਲ ਉਸਾਰੀ ਅਤੇ ਸਿਹਤ ਸੰਭਾਲ ਵਿੱਚ ਮੌਸਮੀ ਅਤੇ ਗੈਰ-ਮੌਸਮੀ ਨੌਕਰੀਆਂ ਲਈ LMIA ਕਾਰਵਾਈ ਕੀਤੀ ਜਾਵੇਗੀ। ਮੈਨੇਜਰ ਜਾਂ ਮਾਲਕ ਨੂੰ TFW ਪ੍ਰੋਗਰਾਮ ਦੁਆਰਾ ਆਪਣੇ ਕੁੱਲ ਕਰਮਚਾਰੀਆਂ 'ਚੋ 10% ਤੋਂ ਵੱਧ ਵਿਦੇਸ਼ੀ ਕਰਮਚਾਰੀਆਂ ਨੂੰ ਕੰਮ 'ਤੇ ਰੱਖਣ ਦੀ ਇਜਾਜ਼ਤ ਨਹੀਂ ਹੋਵੇਗੀ। TFW ਪ੍ਰੋਗਰਾਮ ਦੇ ਤਹਿਤ ਨੌਕਰੀ 'ਤੇ ਰੱਖੇ ਗਏ ਲੋਕਾਂ ਦੀ ਰੁਜ਼ਗਾਰ ਮਿਆਦ ਨੂੰ ਘਟਾ ਕੇ ਸਿਰਫ਼ ਇੱਕ ਸਾਲ ਕਰ ਦਿੱਤਾ ਗਿਆ ਹੈ, ਜੋ ਪਹਿਲਾਂ ਦੋ ਸਾਲ ਸੀ।
ਵਿਜ਼ਟਰ ਵੀਜ਼ਾ 'ਤੇ ਗਏ ਲੋਕਾਂ ਨੂੰ ਹੁਣ ਨਹੀਂ ਮਿਲੇਗਾ ਵਰਕ ਪਰਮਿਟ
ਕੈਨੇਡਾ 'ਚ ਕੰਮ ਕਰਨ ਦੇ ਚਾਹਵਾਨ ਲੋਕਾਂ ਨੂੰ ਵਿਜ਼ਟਰ ਵੀਜ਼ਾ 'ਤੇ ਵਰਕ ਪਰਮਿਟ ਨਹੀਂ ਮਿਲੇਗਾ। ਇਹ ਨਵਾਂ ਫੈਸਲਾ 28 ਅਗਸਤ ਤੋਂ ਲਾਗੂ ਹੋਇਆ ਹੈ। ਇਹ ਫੈਸਲਾ ਕੈਨੇਡਾ 'ਚ ਕੰਮ ਕਰਨ ਦੇ ਚਾਹਵਾਨ ਲੋਕ ਪ੍ਰਭਾਵਤ ਹੋਣਗੇ, ਜੋ ਇਸ ਸਹੂਲਤ ਦਾ ਲਾਭ ਲੈ ਰਹੇ ਸਨ।
ਟੂਰਿਸਟ ਵੀਜ਼ਾ 'ਤੇ ਆਏ ਲੋਕ ਲੈ ਲੈਂਦੇ ਸਨ ਵਰਕ ਪਰਮਿਟ
ਪਹਿਲਾਂ ਵਿਜ਼ਟਰ ਜਾਂ ਟੂਰਿਸਟ ਵੀਜ਼ੇ 'ਤੇ ਆਉਣ ਵਾਲੇ ਲੋਕ ਕੈਨੇਡਾ 'ਚ ਰਹਿੰਦਿਆਂ ਹੀ ਵਰਕ ਪਰਮਿਟ ਲੈ ਸਕਦੇ ਸਨ ਪਰ ਹੁਣ ਇਹ ਸਹੂਲਤ ਬੰਦ ਕਰ ਦਿੱਤੀ ਗਈ ਹੈ। ਹੁਣ ਨਵੇਂ ਫੈਸਲੇ ਤਹਿਤ ਵਿਜ਼ਟਰ ਵੀਜ਼ੇ 'ਤੇ ਆਉਣ ਵਾਲੇ ਲੋਕਾਂ ਨੂੰ ਆਪਣੇ ਦੇਸ਼ ਵਾਪਸ ਜਾਣਾ ਪਵੇਗਾ ਤੇ ਉਥੋਂ ਵਰਕ ਪਰਮਿਟ ਲੈਣ ਲਈ ਅਪਲਾਈ ਕਰਨਾ ਹੋਵੇਗਾ।
ਇਹ ਵਿਸ਼ੇਸ਼ ਸਹੂਲਤ ਦੇਸ਼ 'ਚ ਕਾਮਿਆਂ ਦੀ ਕਮੀ ਨੂੰ ਪੂਰਾ ਕਰਨ ਲਈ ਕੋਵਿਡ-19 ਮਹਾਂਮਾਰੀ ਦੌਰਾਨ ਸ਼ੁਰੂ ਕੀਤੀ ਗਈ ਸੀ। ਉਸ ਸਮੇਂ ਕੈਨੇਡੀਅਨ ਸਰਕਾਰ ਨੇ ਵਿਜ਼ਟਰ ਵੀਜ਼ੇ 'ਤੇ ਆਏ ਲੋਕਾਂ ਨੂੰ ਵਰਕ ਪਰਮਿਟ ਦੇਣ ਦੀ ਇਜਾਜ਼ਤ ਦਿੱਤੀ, ਜਿਸ ਨਾਲ ਉਨ੍ਹਾਂ ਨੂੰ ਉੱਥੇ ਕੰਮ ਕਰਨ ਦਾ ਮੌਕਾ ਮਿਲਿਆ।
ਇਹ ਫੈਸਲਾ ਉਹਨਾਂ ਲੋਕਾਂ ਨੂੰ ਪ੍ਰਭਾਵਤ ਕਰੇਗਾ ਜੋ ਵਿਜ਼ਟਰ ਵੀਜ਼ਾ ਦੇ ਤਹਿਤ ਕੈਨੇਡਾ 'ਚ ਆਉਣ ਤੇ ਕੰਮ ਕਰਨ ਦੀ ਯੋਜਨਾ ਬਣਾ ਰਹੇ ਸਨ। ਹੁਣ ਉਨ੍ਹਾਂ ਨੂੰ ਆਪਣੇ ਦੇਸ਼ ਤੋਂ ਵਰਕ ਪਰਮਿਟ ਲਈ ਅਰਜ਼ੀ ਦੇਣੀ ਪਵੇਗੀ।
ਕੈਨੇਡਾ ਸਰਕਾਰ ਨੇ ਵਰਕ ਪਰਮਿਟ ਦਾਖਲੇ 'ਤੇ ਲਗਾਈ ਰੋਕ , ਇਹ ਵਜ੍ਹਾ
ਕੈਨੇਡਾ ਸਰਕਾਰ ਨੇ ਵਰਕ ਪਰਮਿਟ ਵਾਲਿਆ ਦਾ ਦਾਖ਼ਲਾ 3 ਸਤੰਬਰ ਤੋਂ ਬੰਦ ਕੀਤਾ ਹੈ। ਕੈਨੇਡਾ ਦੇ ਰਾਜ ਕਿਊਬਿਕ ਵਿੱਚ ਵਰਕ ਪਰਮਿਟ ਬੰਦ ਕੀਤਾ ਗਿਆ ਹੈ। 6 ਮਹੀਨੇ ਲਈ ਵਰਕ ਵੀਜ਼ੇ ਉੱਤੇ ਰੋਕ ਲਗਾਈ ਗਈ ਹੈ | ਇਹ ਪੰਜਾਬੀਆਂ ਲਈ ਇੱਕ ਬਹੁਤ ਵੱਡਾ ਝਟਕਾ ਹੈ|
ਟੈਂਪਰੇਰੀ ਰੈਜ਼ੀਡੈਂਟਸ ਸੱਦਣ ਦੇ ਇੱਛੁਕ
ਦੱਸਿਆ ਜਾ ਰਿਹਾ ਹੈ ਕਿ ਕਿਊਬਿਕ ਨੇ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਵਾਲੀਆਂ ਅਰਜ਼ੀਆਂ ਨੂੰ 3 ਸਤੰਬਰ ਤੋਂ ਬੰਦ ਕਰ ਦਾ ਐਲਾਨ ਕੀਤਾ। 27.47 ਪ੍ਰਤੀ ਘੰਟਾ ਤੋਂ ਘੱਟ ਉਜਰਤ ਵਾਲੀਆਂ ਅਰਜ਼ੀਆਂ ਪ੍ਰਵਾਨ ਨਹੀਂ ਕੀਤੀਆਂ ਜਾਣਗੀਆਂ। ਕਿਊਬੈਕ ਵਿਚ ਦਰਮਿਆਨੀ ਉਜਰਤ ਦਰ 27 ਡਾਲਰ ਚੱਲ ਰਹੀ ਹੈ ਅਤੇ ਸੂਬਾ ਸਰਕਾਰ ਘੱਟ ਤੋਂ ਘੱਟ ਟੈਂਪਰੇਰੀ ਰੈਜ਼ੀਡੈਂਟਸ ਨੂੰ ਸੱਦਣ ਦੀ ਇੱਛੁਕ ਹੈ।
6 ਮਹੀਨੇ ਲਈ ਵਰਕ ਵੀਜ਼ੇ 'ਤੇ ਲਗਾਈ ਰੋਕ
ਇਹ ਜਾਣਕਾਰੀ ਅੱਜ ਸਵੇਰੇ ਕਿਊਬਿਕ ਦੇ ਪ੍ਰੀਮੀਅਰ ਫ੍ਰਾਂਕੋਇਸ ਲੇਗੌਲਟ ਅਤੇ ਕਿਊਬਿਕ ਦੇ ਇਮੀਗ੍ਰੇਸ਼ਨ ਮੰਤਰੀ ਕ੍ਰਿਸਟੀਨ ਫਰੇਚੇਟ ਦੁਆਰਾ ਕੀਤੀ ਗਈ ਸੀ। 3 ਸਤੰਬਰ ਤੋਂ, ਮਾਂਟਰੀਅਲ ਵਿੱਚ ਬਿਨੈਕਾਰਾਂ ਲਈ ਲੇਬਰ ਮਾਰਕੀਟ ਪ੍ਰਭਾਵ ਮੁਲਾਂਕਣ (LMIAs) ਦੀ ਪ੍ਰੋਸੈਸਿੰਗ $27.47 CAD (ਕਿਊਬਿਕ ਔਸਤ ਘੰਟਾਵਾਰ ਤਨਖਾਹ) ਤੋਂ ਘੱਟ ਘੰਟਾਵਾਰ ਤਨਖਾਹ ਵਾਲੇ ਨੌਕਰੀ ਦੀਆਂ ਪੇਸ਼ਕਸ਼ਾਂ ਲਈ ਮੁਅੱਤਲ ਕਰ ਦਿੱਤੀ ਜਾਵੇਗੀ। ਇਹ ਉਪਾਅ ਅਗਲੇ ਛੇ ਮਹੀਨਿਆਂ ਲਈ ਲਾਗੂ ਰਹਿਣ ਦੀ ਉਮੀਦ ਹੈ ਅਤੇ ਕੈਨੇਡਾ ਦੀ ਸੰਘੀ ਸਰਕਾਰ ਦੁਆਰਾ ਮਨਜ਼ੂਰੀ ਦਿੱਤੀ ਗਈ ਹੈ।
ਰਿਪੋਰਟ ਦੱਸਦੀ ਹੈ ਕਿ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਨਾ ਸਿਰਫ ਸਰੀਰਕ ਅਤੇ ਮਾਨਸਿਕ ਤਸੀਹੇ ਝੱਲਣੇ ਪੈ ਰਹੇ ਹਨ ਸਗੋਂ ਇੰਪਲੌਇਰ ਤਨਖਾਹਾਂ ਦੇਣ ਤੋਂ ਵੀ ਸਾਫ ਮੁੱਕਰ ਜਾਂਦੇ ਹਨ। ਵਿਦੇਸ਼ੀ ਕਾਮਿਆਂ ਨਾਲ ਬੇਹੱਦ ਮੰਦੀ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਸੈਕਸ਼ੁਅਲ ਹੈਰਾਸਮੈਂਟ ਦੀਆਂ ਸ਼ਿਕਾਇਤਾਂ ਵੀ ਸਾਹਮਣੇ ਆ ਰਹੀਆਂ ਹਨ। ਰਿਪੋਰਟ ਵਿਚ ਕੈਨੇਡਾ ਸਰਕਾਰ ਨੂੰ ਆਰਜ਼ੀ ਵਿਦੇਸ਼ੀ ਕਾਮਿਆਂ ਨਾਲ ਸਬੰਧਤ ਨਿਯਮਾਂ ਵਿਚ ਵੱਡੀ ਤਬਦੀਲੀ ਕਰਨ ਦਾ ਸੱਦਾ ਦਿਤਾ ਗਿਆ ਹੈ।
ਛੇ ਗੁਣਾ ਵਧੀ ਆਰਜ਼ੀ ਵਿਦੇਸ਼ੀ ਕਾਮਿਆਂ ਦੀ ਗਿਣਤੀ
ਦੱਸ ਦੇਈਏ ਕਿ 2016 ਵਿਚ 15,817 ਆਰਜ਼ੀ ਵਿਦੇਸ਼ੀ ਕਾਮੇ ਕੈਨੇਡਾ ਪੁੱਜੇ ਅਤੇ ਸਾਲ 2023 ਤੱਕ ਇਹ ਅੰਕੜਾ ਵਧ ਕੇ 83,654 ਹੋ ਗਿਆ। ਕੋਰੋਨਾ ਮਹਾਮਾਰੀ ਮਗਰੋਂ ਕਾਮਿਆਂ ਦੀ ਕਿੱਲਤ ਨੂੰ ਵੇਖਦਿਆਂ 2022 ਵਿਚ ਦਰਵਾਜ਼ੇ ਖੋਲ੍ਹ ਦਿਤੇ ਗਏ ਅਤੇ ਆਰਜ਼ੀ ਵਿਦੇਸ਼ੀ ਕਾਮਿਆਂ ਦੀ ਗਿਣਤੀ 2016 ਦੇ ਮੁਕਾਬਲੇ ਛੇ ਗੁਣਾ ਤੱਕ ਵਧ ਗਈ।
ਕੈਨੇਡਾ ਸਿਰਫ਼ ਉਨ੍ਹਾਂ ਕੌਮਾਂਤਰੀ ਵਿਦਿਆਰਥੀਆਂ ਦੇ ਪਤੀ ਜਾਂ ਪਤਨੀ ਨੂੰ ਹੀ ਵੀਜ਼ਾ ਦੇਵੇਗਾ ਜਿਹੜੇ ਉੱਥੇ ਮਾਸਟਰਜ਼ ਜਾਂ ਡਾਕਟਰੇਟ ਪੱਧਰ ਦੀ ਪੜ੍ਹਾਈ ਕਰਨ ਜਾ ਰਹੇ ਹਨ।
ਹੇਠਲੇ ਪੱਧਰ ਦੇ ਕੋਰਸ ਕਰ ਰਹੇ ਵਿਦਿਆਰਥੀ ਸਪਾਊਸ ਵੀਜ਼ੇ ਉੱਪਰ ਆਪਣੇ ਪਤੀ ਜਾਂ ਪਤਨੀ ਨੂੰ ਕੈਨੇਡਾ ਨਹੀਂ ਬੁਲਾ ਸਕਣਗੇ। ਜਦਕਿ ਪਹਿਲਾਂ ਡਿਪਲੋਮਾ ਕੋਰਸ ਕਰਨ ਵਾਲੇ ਕੌਮਾਂਤਰੀ ਵਿਦਿਆਰਥੀ ਵੀ ਆਪਣੇ ਪਤੀ- ਪਤਨੀ ਨੂੰ ਆਪਣੇ ਕੋਲ ਬੁਲਾ ਸਕਦੇ ਸਨ।
ਹਾਲਾਂਕਿ ਅਜਿਹਾ ਵੀ ਹੋ ਸਕਦਾ ਹੈ ਕਿ ਅੱਗੇ ਜਾ ਕੇ ਇਹ ਨਿਯਮਾਂ 'ਚ ਬਦਲਾਅ ਕੀਤਾ ਜਾਵੇ ਤੇ ਪ੍ਰਵਾਸੀਆਂ ਨੂੰ ਭਵਿੱਖ 'ਚ ਕੁਝ ਰਾਹਤ ਮਿਲ ਜਾਵੇ | ਨਿਯਮ ਸਖਤ ਹੋਣ ਦੇ ਬਾਵਜੂਦ ਵੀ ਲੋਕ ਕੈਨੇਡਾ ਲੋਕਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ |