ਪੰਜਾਬ 'ਚ ਡਾਕਟਰਾਂ ਦੀ ਹੜਤਾਲ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਬਿਜਲੀ ਮੁਲਾਜ਼ਮਾਂ ਨੇ ਵੀ ਹੜਤਾਲ ਵਧਾ ਦਿੱਤੀ ਹੈ। ਜਾਣਕਾਰੀ ਅਨੁਸਾਰ ਲੁਧਿਆਣਾ 'ਚ ਬਿਜਲੀ ਮੁਲਾਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਛੁੱਟੀ 17 ਸਤੰਬਰ ਤੱਕ ਵਧਾ ਦਿੱਤੀ ਹੈ।
ਦੱਸ ਦੇਈਏ ਕਿ ਪਹਿਲਾਂ ਬਿਜਲੀ ਮੁਲਾਜ਼ਮ ਅੱਜ ਤੱਕ ਹੀ ਹੜਤਾਲ 'ਤੇ ਸਨ ਪਰ ਹੁਣ ਬਿਜਲੀ ਮੁਲਾਜ਼ਮਾਂ ਨੇ ਆਪਣੀ ਹੜਤਾਲ ਵਧਾ ਦਿੱਤੀ ਹੈ।
ਦੱਸਣਯੋਗ ਹੈ ਕਿ ਇਸ ਦੇ ਚੱਲਦੇ ਕਈ ਇਲਾਕਿਆਂ 'ਚ ਬਿਜਲੀ ਦੇ ਨੁਕਸ ਠੀਕ ਕਰਨ 'ਚ ਕਾਫੀ ਸਮਾਂ ਲੱਗ ਰਿਹਾ ਹੈ ਅਤੇ ਕਈ ਥਾਵਾਂ ’ਤੇ ਲੰਮੇ ਕੱਟ ਲੱਗ ਰਹੇ ਹਨ। ਕਈ ਥਾਵਾਂ 'ਤੇ ਲਾਈਟਾਂ ਠੀਕ ਨਹੀਂ ਹਨ। ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਹਨ ਬਿਜਲੀ ਕਰਮਚਾਰੀਆਂ ਦੀਆਂ ਮੰਗਾਂ
ਜੇਕਰ ਉਨ੍ਹਾਂ ਦੀਆਂ ਮੰਗਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਪਹਿਲੀ ਮੰਗ ਹੈ ਕਿ ਡਿਊਟੀ ਦੌਰਾਨ ਮਰਨ ਵਾਲੇ ਮੁਲਾਜ਼ਮ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਅਤੇ ਕਰੋੜਾਂ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇ। ਸਬ ਸਟੇਸ਼ਨ ਸਟਾਫ਼ ਦੀਆਂ ਮੁੱਖ ਮੰਗਾਂ ਹਨ ਕਿ ਆਰ.ਟੀ.ਐਮ ਤੋਂ ਏ.ਐਲ.ਐਮ ਵਿੱਚ ਤਰੱਕੀ ਦਾ ਸਮਾਂ ਘਟਾਇਆ ਜਾਵੇ। ਉਨ੍ਹਾਂ ਦੀ ਇਹ ਵੀ ਮੰਗ ਹੈ ਕਿ ਸਬ-ਸਟੇਸ਼ਨ ਸਟਾਫ ਨੂੰ ਸੁਰੱਖਿਆ ਅਤੇ ਓਵਰਟਾਈਮ ਦਿੱਤਾ ਜਾਵੇ।
ਪੰਜਾਬ ਸਰਕਾਰ ਵੱਲੋਂ ਮੁੜ ਜਾਰੀ ਕੀਤੇ ਭੱਤੇ 2021 ਤੋਂ ਲਾਗੂ ਕੀਤੇ ਜਾਣ। ਥਰਡ ਸਕੇਲ ਪ੍ਰਮੋਸ਼ਨ 'ਤੇ ਭਰੋਸਾ ਕੀਤਾ ਜਾਵੇ, ਖਾਲੀ ਅਸਾਮੀਆਂ 'ਤੇ ਭਰਤੀ ਕੀਤੀ ਜਾਵੇ, ਪਾਵਰਕਾਮ 'ਚ ਦੂਜੇ ਰਾਜਾਂ ਤੋਂ ਭਰਤੀ 'ਤੇ ਰੋਕ ਲਗਾਈ ਜਾਵੇ |