ਲੁਧਿਆਣਾ ਵਿੱਚ ਕੱਲ੍ਹ ਯਾਨੀ ਐਤਵਾਰ (18 ਅਗਸਤ) ਨੂੰ ਪੈਟਰੋਲ ਪੰਪ ਬੰਦ ਰਹਿਣਗੇ। ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਲੰਬੇ ਸਮੇਂ ਤੋਂ ਆਪਣਾ ਕਮਿਸ਼ਨ ਵਧਾਉਣ ਦੀ ਮੰਗ ਕਰ ਰਹੀ ਹੈ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਮਹਿੰਗਾਈ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਵਧ ਰਹੀ ਹੈ ਪਰ 8 ਸਾਲਾਂ ਤੋਂ ਕਮਿਸ਼ਨ ਨਹੀਂ ਵਧਾਇਆ ਗਿਆ, ਜਿਸ ਦੇ ਚਲਦਿਆਂ ਸਮੂਹਿਕ ਤੌਰ 'ਤੇ ਇਹ ਐਲਾਨ ਕੀਤਾ ਗਿਆ ਹੈ।
408 ਪੈਟਰੋਲ ਪੰਪ ਬੰਦ ਰਹਿਣਗੇ
ਐਸੋਸੀਏਸ਼ਨ ਨੇ ਕੇਂਦਰ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਹਰ ਐਤਵਾਰ ਨੂੰ ਛੁੱਟੀ ਦਾ ਐਲਾਨ ਕੀਤਾ ਹੈ। ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਦੇ ਮੈਂਬਰ ਅਸ਼ੋਕ ਸਚਦੇਵਾ ਨੇ ਦੱਸਿਆ ਕਿ ਐਤਵਾਰ ਨੂੰ ਲੁਧਿਆਣਾ ਜ਼ਿਲ੍ਹੇ ਵਿੱਚ 408 ਪੈਟਰੋਲ ਪੰਪ ਬੰਦ ਰਹਿਣਗੇ।
ਪਹਿਲੇ ਪੜਾਅ ਵਿੱਚ ਸਿਰਫ਼ ਲੁਧਿਆਣਾ ਦੇ ਪੈਟਰੋਲ ਪੰਪ ਬੰਦ ਰਹਿਣਗੇ
ਉਨ੍ਹਾਂ ਕਿਹਾ ਕਿ ਮੋਗਾ ਅਤੇ ਜਲੰਧਰ ਦੀਆਂ ਐਸੋਸੀਏਸ਼ਨਾਂ ਵੱਲੋਂ ਵੀ ਉਨ੍ਹਾਂ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ ਪਰ ਪਹਿਲੇ ਪੜਾਅ ਵਿੱਚ ਲੁਧਿਆਣਾ ਜ਼ਿਲ੍ਹੇ ਵਿੱਚ ਸਿਰਫ਼ ਪੈਟਰੋਲ ਪੰਪ ਹੀ ਬੰਦ ਰਹਿਣਗੇ। ਉਨ੍ਹਾਂ ਕਿਹਾ ਕਿ ਐਮਰਜੈਂਸੀ ਸੇਵਾ ਲਈ ਹਰ ਪੈਟਰੋਲ ਪੰਪ ’ਤੇ ਇੱਕ ਮੁਲਾਜ਼ਮ ਹਾਜ਼ਰ ਰਹੇਗਾ।
ਜੇਕਰ ਕਿਸੇ ਨੂੰ ਪੈਟਰੋਲ-ਡੀਜ਼ਲ ਦੀ ਜ਼ਰੂਰਤ ਹੈ ਜਾਂ ਕੋਈ ਅਜਿਹਾ ਵਿਅਕਤੀ, ਜੋ ਮੁਸ਼ਕਲ ਵਿੱਚ ਹੈ ਅਤੇ ਕਿਸੇ ਜ਼ਰੂਰੀ ਥਾਂ 'ਤੇ ਜਾਣਾ ਹੈ, ਤਾਂ ਉਸ ਲਈ ਸੇਵਾਵਾਂ ਜਾਰੀ ਰਹਿਣਗੀਆਂ। ਜਾਣਕਾਰੀ ਅਨੁਸਾਰ ਫਿਲਹਾਲ ਖੰਨਾ ਤੋਂ ਫਿਲੌਰ ਤੱਕ ਦੇ ਪੈਟਰੋਲ ਪੰਪ ਐਤਵਾਰ ਨੂੰ ਬੰਦ ਰਹਿਣਗੇ।
5 ਮਹੀਨੇ ਪਹਿਲਾਂ ਵੀ ਕੀਤੀ ਸੀ ਹੜਤਾਲ
ਪਿਛਲੇ 5 ਮਹੀਨਿਆਂ ਤੋਂ ਵੀ ਪੈਟਰੋਲ ਪੰਪ ਮਾਲਕ ਤੇਲ ਨਾ ਖਰੀਦ ਕੇ ਹੜਤਾਲ 'ਤੇ ਚਲੇ ਗਏ ਸਨ। ਉਸ ਸਮੇਂ ਕੇਂਦਰ ਸਰਕਾਰ ਨੇ ਭਰੋਸਾ ਦਿੱਤਾ ਸੀ ਕਿ ਚੋਣਾਂ ਤੋਂ ਬਾਅਦ ਉਨ੍ਹਾਂ ਦਾ ਕਮਿਸ਼ਨ ਵਧਾ ਦਿੱਤਾ ਜਾਵੇਗਾ, ਪਰ ਹੁਣ ਸਰਕਾਰ ਉਨ੍ਹਾਂ ਨੂੰ ਮੁੜ ਨਜ਼ਰ-ਅੰਦਾਜ਼ ਕਰ ਰਹੀ ਹੈ। ਜਾਣਕਾਰੀ ਅਨੁਸਾਰ ਸਿਰਫ਼ ਐਮਰਜੈਂਸੀ ਸੇਵਾਵਾਂ ਹੀ ਚਾਲੂ ਰਹਿਣਗੀਆਂ। ਐਂਬੂਲੈਂਸ ਜਾਂ ਸਰਕਾਰੀ ਵਾਹਨਾਂ ਨੂੰ ਪੈਟਰੋਲ ਜਾਂ ਡੀਜ਼ਲ ਮੁਹੱਈਆ ਕਰਵਾਇਆ ਜਾਵੇਗਾ।