ਖਬਰਿਸਤਾਨ ਨੈੱਟਵਰਕ- ਜਹਾਜ਼ ਹਾਦਸਿਆਂ ਵਿਚ ਲਗਾਤਾਰ ਵਾਧੇ ਹੋ ਰਹੇ ਹਨ। ਹਰੇਕ ਦਿਨ ਕੋਈ ਨਾ ਕੋਈ ਹਾਦਸੇ ਦੀ ਖਬਰ ਸਾਹਮਣੇ ਆ ਜਾਂਦੀ ਹੈ। ਤਾਜ਼ਾ ਮਾਮਲਾ ਇਟਲੀ ਤੋਂ ਹੈ, ਜਿਥੇ ਇਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।
ਹਾਈਵੇਅ ਵਿਚਕਾਰ ਡਿੱਗਾ ਜਹਾਜ਼
ਜਾਣਕਾਰੀ ਅਨੁਸਾਰ ਇਕ ਹਾਈਵੇਅ ’ਤੇ ਜਿਥੋਂ ਕਿ ਕਈ ਗੱਡੀਆਂ ਲੰਘ ਰਹੀਆਂ ਸਨ, ਇਸ ਦੌਰਾਨ ਇਕ ਛੋਟਾ ਜਹਾਜ਼ ਅਚਾਨਕ ਸੜਕ ’ਤੇ ਡਿੱਗ ਗਿਆ, ਜੋ ਦੇਖਦੇ ਹੀ ਦੇਖਦੇ ਅੱਗ ਦਾ ਗੋਲਾ ਬਣ ਗਿਆ। ਇਸ ਹਾਦਸੇ ਵਿਚ 2 ਲੋਕਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ।
ਸੜਕ ਤੋਂ ਲੰਘ ਰਹੇ ਵਾਹਨ ਵੀ ਆਏ ਲਪੇਟ ਵਿਚ
ਛੋਟਾ ਜਹਾਜ਼ ਜਦੋਂ ਸੜਕ ’ਤੇ ਡਿੱਗਿਆ ਤਾਂ ਜਹਾਜ਼ ਵਿਚ ਭਿਆਨਕ ਅੱਗ ਲੱਗ ਗਈ। ਇਸ ਦੌਰਾਨ ਇਕ ਤੇਜ਼ ਰਫ਼ਤਾਰ ਕਾਰ ਵੀ ਭਿਆਨਕ ਅੱਗ ਦੀ ਲਪੇਟ ਵਿਚ ਆ ਗਈ। ਸੜਕ ਤੋਂ ਲੰਘ ਰਹੇ ਵਾਹਨ ਵੀ ਇਸ ਜਹਾਜ਼ ਹਾਦਸੇ ਦੀ ਲਪੇਟ ਵਿੱਚ ਆ ਗਏ। ਰਿਪੋਰਟਾਂ ਅਨੁਸਾਰ ਦੋ ਹੋਰ ਲੋਕ ਜ਼ਖਮੀ ਹੋ ਗਏ ਹਨ। ਉਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜੋ ਹੁਣ ਖ਼ਤਰੇ ਤੋਂ ਬਾਹਰ ਹਨ। ਹਾਲਾਂਕਿ, ਅਧਿਕਾਰੀਆਂ ਨੇ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਜਹਾਜ਼ ਵਿਚ ਕਿੰਨੇ ਲੋਕ ਸਵਾਰ ਸਨ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
ਘਟਨਾ ਤੋਂ ਬਾਅਦ ਫਾਇਰ ਬ੍ਰਿਗੇਡ ਦੇ ਕਰਮਚਾਰੀ ਰਾਹਤ ਅਤੇ ਬਚਾਅ ਕਾਰਜ ਲਈ ਮੌਕੇ ’ਤੇ ਪਹੁੰਚੇ। ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ। ਇਲਾਕੇ ਨੂੰ ਖਾਲੀ ਕਰਵਾ ਲਿਆ ਗਿਆ।