ਪੰਜਾਬ 'ਚ ਦਿਨੋ-ਦਿਨ ਠੰਡ ਵੱਧ ਦੀ ਜਾ ਰਹੀ ਹੈ। ਕਈ ਜ਼ਿਲ੍ਹਿਆਂ 'ਚ ਤਾਪਮਾਨ ਸ਼ਿਮਲਾ ਦੇ ਤਾਪਮਾਨ ਨਾਲੋਂ ਵੀ ਹੇਠਾਂ ਪਹੁੰਚ ਗਿਆ ਹੈ। ਸੀਤ ਲਹਿਰ ਦੇ ਵਿਚਕਾਰ ਧੁੰਦ ਵੀ ਦੇਖਣ ਨੂੰ ਮਿਲ ਰਹੀ ਹੈ। ਇਸ ਦੌਰਾਨ ਮੌਸਮ ਵਿਭਾਗ ਨੇ ਨਵਾਂ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਅਨੁਸਾਰ ਸੂਬੇ ਦੇ 18 ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਦੇ ਨਾਲ ਸੀਤ ਲਹਿਰ ਚਲ ਸਕਦੀ ਹੈ।
ਪੰਜਾਬ ਵਿੱਚ ਰਾਤ ਤੋਂ ਬਾਅਦ ਦਿਨ ਦਾ ਤਾਪਮਾਨ ਆਮ ਨਾਲੋਂ ਹੇਠਾਂ ਪਹੁੰਚ ਗਿਆ ਹੈ। ਮੰਗਲਵਾਰ ਨੂੰ ਬਠਿੰਡਾ ਦਾ ਵੱਧ ਤੋਂ ਵੱਧ ਤਾਪਮਾਨ 21.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਨਾਲੋਂ 0.9 ਡਿਗਰੀ ਸੈਲਸੀਅਸ ਘੱਟ ਸੀ। ਇਸ ਦੇ ਨਾਲ ਹੀ ਪੰਜਾਬ ਦੇ 9 ਜ਼ਿਲ੍ਹਿਆਂ ਦਾ ਘੱਟੋ-ਘੱਟ ਤਾਪਮਾਨ ਪਹਾੜੀ ਇਲਾਕਿਆਂ ਸ਼ਿਮਲਾ ਅਤੇ ਧਰਮਸ਼ਾਲਾ ਦੇ ਤਾਪਮਾਨ ਤੋਂ ਵੀ ਹੇਠਾਂ ਚਲਾ ਗਿਆ। ਸ਼ਿਮਲਾ ਵਿੱਚ ਤਾਪਮਾਨ 6.4 ਡਿਗਰੀ ਸੈਲਸੀਅਸ ਰਿਹਾ, ਜਦੋਂ ਕਿ ਪੰਜਾਬ ਦੇ ਕਈ ਹਿੱਸਿਆਂ ਵਿੱਚ ਤਾਪਮਾਨ ਚਾਰ ਡਿਗਰੀ ਸੈਲਸੀਅਸ ਤੱਕ ਡਿੱਗ ਗਿਆ।
23 ਦਸੰਬਰ ਨੂੰ ਮੀਂਹ ਦੀ ਚੇਤਾਵਨੀ
ਮੌਸਮ ਵਿਭਾਗ ਅਨੁਸਾਰ ਪੰਜਾਬ ਦੇ 18 ਜ਼ਿਲ੍ਹਿਆਂ ਵਿੱਚ ਅਗਲੇ ਤਿੰਨ ਦਿਨਾਂ ਤੱਕ ਸੰਘਣੀ ਧੁੰਦ ਦੇ ਨਾਲ ਸੀਤ ਲਹਿਰ ਜਾਰੀ ਰਹਿ ਸਕਦੀ ਹੈ। ਮੌਸਮ ਵਿਭਾਗ ਨੇ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਪਟਿਆਲਾ ਲਈ ਧੁੰਦ ਦੀ ਚੇਤਾਵਨੀ ਜਾਰੀ ਕੀਤੀ ਹੈ। ਇਸ ਦੇ ਨਾਲ ਹੀ 23 ਦਸੰਬਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ, ਜਿਸ ਨਾਲ ਠੰਢ ਦੀ ਤੀਬਰਤਾ ਹੋਰ ਵਧ ਜਾਵੇਗੀ।
ਪੰਜਾਬ ਵਿੱਚ ਇੱਕ ਹਫ਼ਤੇ ਤੱਕ ਰਹੇਗੀ ਕੜਾਕੇ ਦੀ ਠੰਢ
ਵੱਧ ਤੋਂ ਵੱਧ ਤਾਪਮਾਨ 21 ਤੋਂ 22 ਡਿਗਰੀ ਸੈਲਸੀਅਸ ਵਿਚਕਾਰ ਹੈ। ਮੌਸਮ ਵਿਭਾਗ ਅਨੁਸਾਰ ਅਗਲੇ ਇੱਕ ਹਫ਼ਤੇ ਤੱਕ ਪੰਜਾਬ ਵਿੱਚ ਸੀਤ ਲਹਿਰ ਅਤੇ ਕੜਾਕੇ ਦੀ ਠੰਢ ਜਾਰੀ ਰਹੇਗੀ।