ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਰਦੀ ਦੇ ਮੌਸਮ ਦੀ ਪਹਿਲੀ ਬਾਰਿਸ਼ ਹੋਈ। ਇਸ ਸਰਦੀ ਦੀ ਬਰਸਾਤ ਕਾਰਨ ਜਿੱਥੇ ਲੋਕਾਂ ਨੇ ਪਹਾੜਾਂ ਦੀ ਠੰਡ ਨੂੰ ਮਹਿਸੂਸ ਕੀਤਾ, ਉੱਥੇ ਹੀ ਪਹਾੜੀ ਰਾਜਾਂ ਵਿੱਚ ਬਰਫਬਾਰੀ ਵੀ ਸ਼ੁਰੂ ਹੋ ਗਈ ਹੈ। ਹੁਣ ਭਲਕੇ 24 ਦਸੰਬਰ ਤੋਂ ਪੰਜਾਬ ਦੇ ਸਕੂਲਾਂ ਵਿੱਚ ਛੁੱਟੀਆਂ ਸ਼ੁਰੂ ਹੋਣ ਜਾ ਰਹੀਆਂ ਹਨ। ਇਸ ਸਬੰਧੀ ਸਿੱਖਿਆ ਵਿਭਾਗ ਵੱਲੋਂ ਪਹਿਲਾਂ ਹੀ ਹੁਕਮ ਜਾਰੀ ਕੀਤੇ ਜਾ ਚੁੱਕੇ ਹਨ।
ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਸੂਬੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ 24 ਦਸੰਬਰ, 2024 ਤੋਂ 31 ਦਸੰਬਰ, 2024 ਤੱਕ ਹੋਣਗੀਆਂ। ਇਸ ਤੋਂ ਬਾਅਦ 1 ਜਨਵਰੀ 2025 ਤੋਂ ਸਕੂਲ ਪਹਿਲਾਂ ਵਾਂਗ ਆਪਣੇ ਨਿਰਧਾਰਤ ਸਮੇਂ 'ਤੇ ਖੁੱਲ੍ਹਣਗੇ।
ਸਰਕਾਰ ਨੇ ਇਹ ਫੈਸਲਾ ਬੱਚਿਆਂ ਨੂੰ ਠੰਡ ਦੇ ਵੱਧ ਰਹੇ ਪ੍ਰਭਾਵਾਂ ਤੋਂ ਬਚਾਉਣ ਅਤੇ ਸਰਦੀਆਂ ਦੇ ਦਿਨਾਂ ਵਿੱਚ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਲਿਆ ਹੈ।