ਪੰਜਾਬੀ ਗਾਇਕ ਗੁਰਦਾਸ ਮਾਨ ਨੇ ਆਪਣੇ ਵਿਵਾਦਿਤ ਬਿਆਨ ਲਈ ਮੁਆਫੀ ਮੰਗ ਲਈ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ਕਿ ਜੇਕਰ ਮੇਰੇ ਕਾਰਨ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਮੁਆਫੀ ਮੰਗਦਾ ਹਾਂ। ਮੇਰਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਜੇਕਰ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੋਵੇ ਤਾਂ ਮੈਂ ਕੰਨ ਫੜ ਕੇ ਅਤੇ ਦੋਵੇਂ ਹੱਥ ਜੋੜ ਕੇ ਮੁਆਫੀ ਮੰਗਦਾ ਹਾਂ।
ਮੈਂ ਕਦੇ ਗਲਤ ਸ਼ਬਦ ਨਹੀਂ ਲਿਖੇ ਅਤੇ ਨਾ ਹੀ ਬੋਲੇ
ਗੁਰਦਾਸ ਮਾਨ ਨੇ ਕਿਹਾ ਕਿ ਜਿੱਥੇ ਪਿਆਰ ਹੋਵੇ ਉੱਥੇ ਕੌੜੀਆਂ ਵੀ ਮਿੱਠੀਆਂ ਹੋ ਜਾਂਦੀਆਂ ਹਨ। ਅੱਜ ਮੈਂ ਜ਼ਿੰਦਾ ਹਾਂ ਇਸ ਦਾ ਕਾਰਨ ਮੇਰੇ ਬਜ਼ੁਰਗਾਂ ਦੇ ਆਸ਼ੀਰਵਾਦ ਅਤੇ ਸਰੋਤਿਆਂ ਦੇ ਪਿਆਰ ਦੀ ਬਦੌਲਤ ਹੈ। ਜੇਕਰ ਫਿਰ ਵੀ ਕਿਸੇ ਨੂੰ ਮੇਰੀ ਕੋਈ ਗੱਲ ਜਾਂ ਕਿਸੇ ਸ਼ਬਦ ਦਾ ਬੁਰਾ ਲੱਗਾ ਹੋਵੇ ਤਾਂ ਮੈਂ ਕੰਨ ਫੜ ਕੇ ਤੇ ਹੱਥ ਜੋੜ ਕੇ ਮੁਆਫੀ ਮੰਗਦਾ ਹਾਂ। ਮਾਂ ਬੋਲੀ ਦੀ ਮੈਂ ਸੇਵਾ ਕੀਤੀ ਤਾਂ ਮਾਂ ਬੋਲੀ ਨੇ ਮੇਰੀ ਸੇਵਾ ਕੀਤੀ । ਮੈਨੂੰ ਜੋ ਕੁਝ ਵੀ ਦਿੱਤਾ ਹੈ, ਉਹ ਸਿਰਫ਼ ਪੰਜਾਬੀ ਮਾਂ ਬੋਲੀ ਨੇ ਹੀ ਦਿੱਤਾ ਹੈ। ਮੈਂ ਕਦੇ ਗਲਤ ਸ਼ਬਦ ਨਹੀਂ ਲਿਖੇ ਅਤੇ ਨਾ ਹੀ ਕਦੇ ਲਿਖਾਂਗਾ ਅਤੇ ਨਾ ਹੀ ਗਾਵਾਂਗਾ।
ਇਸ ਬਿਆਨ ਕਾਰਨ ਵਿਵਾਦ ਖੜ੍ਹਾ ਹੋ ਗਿਆ
ਗੁਰਦਾਸ ਮਾਨ ਨੇ ਨਕੋਦਰ ਦੇ ਡੇਰਾ ਬਾਬਾ ਮੁਰਾਦ ਸ਼ਾਹ ਦੇ ਮੇਲੇ ਵਿੱਚ ਸਟੇਜ ’ਤੇ ਬੋਲਦਿਆਂ ਕਿਹਾ ਕਿ ਸਾਈਂ ਲਾਡੀ ਸ਼ਾਹ ਸਿੱਖਾਂ ਦੇ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੀ ਵੰਸ਼ ਵਿੱਚੋਂ ਹਨ। ਜਦੋਂ ਇਸ ਦੀ ਵੀਡੀਓ ਵਾਇਰਲ ਹੋਈ ਤਾਂ ਸਿੱਖ ਜਥੇਬੰਦੀ ਭੜਕ ਗਏ। ਉਨ੍ਹਾਂ 3 ਦਿਨਾਂ ਤੋਂ ਨਕੋਦਰ ਥਾਣੇ ਅਤੇ ਜਲੰਧਰ ਦੇ ਐਸਐਸਪੀ ਦਫ਼ਤਰ ਅੱਗੇ ਧਰਨਾ ਦਿੱਤਾ।