ਪੰਜਾਬ ਪੁਲਸ ਨੇ ਗਾਇਕਾਂ ਦੀ ਸੁਰੱਖਿਆ ਘਟਾ ਦਿੱਤੀ ਹੈ। ਇਹ ਕਟੌਤੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਹੁਕਮਾਂ 'ਤੇ ਕੀਤੀ ਜਾ ਰਹੀ ਹੈ। ਪੁਲਸ ਵੱਲੋਂ ਇਸ ਸਬੰਧੀ ਅਧਿਕਾਰਤ ਐਲਾਨ ਜਲਦ ਹੀ ਕੀਤਾ ਜਾ ਸਕਦਾ ਹੈ। ਇਸ ਨਾਲ ਹੁਣ ਗਾਇਕਾਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ ਕਿਉਂਕਿ ਉਨ੍ਹਾਂ ਨੂੰ ਪਹਿਲਾਂ ਹੀ ਗੈਂਗਸਟਰਾਂ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
Security ਰੱਖਣ ਲਈ ਦੇਣੀ ਪਵੇਗੀ ਫੀਸ
ਸੂਤਰਾਂ ਦੀ ਮੰਨੀਏ ਤਾਂ ਗਾਇਕਾਂ ਨੂੰ ਹੁਣ ਸੁਰੱਖਿਆ ਲਈ ਪੁਲਿਸ ਨੂੰ ਫੀਸ ਦੇਣੀ ਪਵੇਗੀ। ਜੇਕਰ ਕਿਸੇ ਗਾਇਕ ਨੂੰ ਲੱਗਦਾ ਹੈ ਕਿ ਉਸ ਨੂੰ ਸੁਰੱਖਿਆ ਦੀ ਲੋੜ ਹੈ ਤਾਂ ਉਹ ਫੀਸ ਜਮ੍ਹਾਂ ਕਰਵਾ ਕੇ ਸੁਰੱਖਿਆ ਲਈ ਅਪਲਾਈ ਕਰ ਸਕਦਾ ਹੈ। ਗਾਇਕਾਂ ਨੂੰ ਪੁਲਸ ਕੋਲ 6 ਮਹੀਨੇ ਦੀ ਐਡਵਾਂਸ ਫੀਸ ਜਮ੍ਹਾ ਕਰਵਾਉਣੀ ਪਵੇਗੀ।
ਗਾਇਕਾਂ ਦੀਆਂ ਚਿੰਤਾਵਾਂ ਵੱਧੀਆਂ
ਪੰਜਾਬ ਪੁਲਸ ਦੇ ਇਸ ਕਦਮ ਤੋਂ ਬਾਅਦ ਗਾਇਕਾਂ ਦੀਆਂ ਚਿੰਤਾਵਾਂ ਵੱਧਣ ਜਾ ਰਹੀਆਂ ਹਨ। ਕਿਉਂਕਿ ਗੈਂਗਸਟਰ ਪੰਜਾਬੀ ਗਾਇਕਾਂ ਨੂੰ ਲਗਾਤਾਰ ਨਿਸ਼ਾਨਾ ਬਣਾ ਰਹੇ ਹਨ ਅਤੇ ਉਨ੍ਹਾਂ ਨੂੰ ਧਮਕੀਆਂ ਦੇ ਕੇ ਫਿਰੌਤੀ ਦੀ ਮੰਗ ਕਰ ਰਹੇ ਹਨ।ਪੰਜਾਬ 'ਚ ਗਾਇਕ ਆਰ ਨੇਤ ਨੂੰ ਧਮਕੀਆਂ ਦਿੱਤੀਆਂ ਗਈਆਂ ਸਨ ਅਤੇ ਉਸ ਤੋਂ ਫਿਰੌਤੀ ਵੀ ਮੰਗੀ ਗਈ ਸੀ।
ਮੂਸੇਵਾਲਾ ਦੀ ਮੌਤ ਤੋਂ ਬਾਅਦ ਸੁਰੱਖਿਆ ਦਾ ਮੁੱਦਾ ਉਠਿਆ
ਦੱਸ ਦੇਈਏ ਕਿ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਲੈ ਕੇ ਵੀ ਸੁਰੱਖਿਆ ਘਟਣ ਦਾ ਮੁੱਦਾ ਉਠਿਆ ਸੀ। ਪੰਜਾਬ ਪੁਲਸ ਵੱਲੋਂ ਗਾਇਕਾਂ ਦੀ ਸੁਰੱਖਿਆ ਨੂੰ ਘੱਟ ਕਰਨ ਲਈ ਕੀਤੀ ਜਾ ਰਹੀ ਕਾਰਵਾਈ ਨਾਲ ਗਾਇਕਾਂ ਦੀ ਜਾਨ ਨੂੰ ਖਤਰਾ ਵੱਧ ਸਕਦਾ ਹੈ।