ਝਾਰਖੰਡ ਦੇ ਸਾਹਿਬਗੰਜ 'ਚ NTPC MGR ਰੇਲਵੇ ਟ੍ਰੈਕ ਨੂੰ ਸ਼ਰਾਰਤੀ ਅਨਸਰਾਂ ਨੇ ਬੰਬ ਨਾਲ ਉਡਾ ਦਿੱਤਾ ਹੈ, ਇਸ ਘਟਨਾ ਵਿੱਚ ਰੇਲਵੇ ਟਰੈਕ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਰੇਲਵੇ ਟਰੈਕ ਦਾ ਕੁਝ ਹਿੱਸਾ 39 ਮੀਟਰ ਦੂਰ ਜਾ ਡਿੱਗਿਆ। ਉੱਥੇ 3 ਫੁੱਟ ਡੂੰਘਾ ਟੋਆ ਹੋ ਗਿਆ ਹੈ। ਰੇਲਵੇ ਅਤੇ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚੇ ਹਨ। ਜਾਣਕਾਰੀ ਮੁਤਾਬਕ ਘਟਨਾ ਰਾਤ ਕਰੀਬ 12 ਵਜੇ ਦੀ ਦੱਸੀ ਜਾ ਰਹੀ ਹੈ।
ਟਰੈਕ ਦਾ ਕੁਝ ਹਿੱਸਾ 39 ਮੀਟਰ ਦੂਰ ਡਿੱਗਿਆ
ਪੁਲਿਸ ਨੇ ਮੌਕੇ ਤੋਂ ਬਿਜਲੀ ਦੀਆਂ ਤਾਰਾਂ ਬਰਾਮਦ ਕਰ ਲਈਆਂ ਹਨ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਇਲਾਕੇ ਵਿੱਚ ਅਜਿਹੀ ਘਟਨਾ ਪਹਿਲੀ ਵਾਰ ਵਾਪਰੀ ਹੈ। ਘਟਨਾ ਸਮੇਂ ਮੌਜੂਦ ਨਾਈਟ ਗਾਰਡ ਗੋਵਿੰਦ ਸਾਓ ਨੇ ਦੱਸਿਆ ਕਿ ਰਾਤ 11:59 'ਤੇ ਜ਼ੋਰਦਾਰ ਆਵਾਜ਼ ਆਈ। ਅਜਿਹਾ ਲੱਗ ਰਿਹਾ ਸੀ ਕਿ ਇੱਕ ਟਰੱਕ ਦਾ ਟਾਇਰ ਫਟ ਗਿਆ ਸੀ, ਪਰ ਬਾਅਦ ਵਿੱਚ ਪਤਾ ਲੱਗਾ ਕਿ ਐਮਜੀਆਰ ਟਰੈਕ ਨੂੰ ਬੰਬ ਨਾਲ ਉਡਾ ਦਿੱਤਾ ਗਿਆ ਸੀ। ਇਸ ਦਾ ਅਸਰ ਇੰਨਾ ਜ਼ਬਰਦਸਤ ਸੀ ਕਿ ਟ੍ਰੈਕ ਦਾ 470 ਸੈਂਟੀਮੀਟਰ ਦਾ ਹਿੱਸਾ ਟੁੱਟ ਕੇ 39 ਮੀਟਰ ਦੂਰ ਜਾ ਡਿੱਗਿਆ।