ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਅੱਜ ਐਸਜੀਪੀਸੀ ਅੰਤਰਿਮ ਕਮੇਟੀ ਦੀ ਮੀਟਿੰਗ ਹੋਈ। ਮੀਟਿੰਗ ਵਿਚ ਕਈ ਅਹਿਮ ਫੈਸਲੇ ਲਏ ਗਏ।
ਕੜਾਹੇ ਵਿਚ ਡਿੱਗਣ ਵਾਲੇ ਸੇਵਾਦਾਰ ਦੇ ਪਰਿਵਾਰ ਨੂੰ ਪੰਜ ਲੱਖ ਰੁਪਏ ਦਿੱਤੇ ਜਾਣਗੇ
ਇਸ ਦੌਰਾਨ ਐਸਜੀਪੀਸੀ ਪ੍ਰਧਾਨ ਐਡਵੋਕੇਟ ਧਾਮੀ ਨੇ ਕਿਹਾ ਕਿ ਪਿਛਲੇ ਦਿਨੀ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ ਸ੍ਰੀ ਗੁਰੂ ਰਾਮਦਾਸ ਵਿਖੇ ਸੇਵਾ ਕਰਦਿਆਂ ਇੱਕ ਸੇਵਾਦਾਰ ਦੀ ਕੜਾਹੇ ਚ ਡਿੱਗਣ ਨਾਲ ਮੌਤ ਹੋ ਗਈ ਸੀ ਅਤੇ ਐਸਜੀਪੀਸੀ ਨੇ ਉਸ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਂਦਿਆਂ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ, ਇਸ ਦੇ ਨਾਲ ਹੀ ਮ੍ਰਿਤਕ ਸੇਵਾਦਾਰ ਦੀ ਪਤਨੀ ਨੂੰ ਵੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ।
5 ਬੱਚਿਆਂ ਦੇ ਪਰਿਵਾਰਾਂ ਨੂੰ 75-75 ਹਜ਼ਾਰ ਰੁਪਏ
ਰਿਪੋਰਟ ਮੁਤਾਬਕ ਇਹ ਵੀ ਕਿਹਾ ਗਿਆ ਕਿ ਗੁਰਦੁਆਰਾ ਜਾਮਨੀ ਸਾਹਿਬ ਫ਼ਿਰੋਜ਼ਪੁਰ ਵਿੱਚ ਦੋ ਸਿਲੰਡਰ ਫਟਣ ਕਾਰਨ ਦੋ ਸੇਵਾਦਾਰ ਅਤੇ ਪੰਜ ਬੱਚੇ ਝੁਲਸ ਗਏ ਸਨ। ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ, ਜਿਸ ਦੇ ਪਰਿਵਾਰ ਨੂੰ ਸ਼੍ਰੋਮਣੀ ਕਮੇਟੀ 5 ਲੱਖ ਰੁਪਏ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਵੇਗੀ। ਇਸ ਦੇ ਨਾਲ ਹੀ ਝੁਲਸ ਗਏ 5 ਬੱਚਿਆਂ ਦੇ ਪਰਿਵਾਰਾਂ ਨੂੰ 75-75 ਹਜ਼ਾਰ ਰੁਪਏ ਦਿੱਤੇ ਜਾਣਗੇ।
ਨਾਇਕਾ ਮੈਨ ਖਿਲਾਫ ਕਾਰਵਾਈ ਦੀ ਤਿਆਰੀ
ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੇ ਕਿਹਾ ਕਿ ਸਿੱਖ ਧਰਮ ਵਿੱਚ ਏਕ ਓਂਕਾਰ ਦਾ ਮਹੱਤਵ ਹੈ। ਇਹ ਨਾ ਤਾਂ ਕੱਪੜਿਆਂ ਉੱਤੇ ਉੱਕਰਿਆ ਜਾ ਸਕਦਾ ਹੈ ਅਤੇ ਨਾ ਹੀ ਸਰੀਰ ਉੱਤੇ। ਉਨ੍ਹਾਂ ਨੂੰ ਇਹ ਵੀ ਸੂਚਨਾ ਮਿਲੀ ਹੈ ਕਿ ਨਾਇਕਾ ਮੈਨ 'ਤੇ ਟੋਪੀਆਂ ਵੇਚੀਆਂ ਜਾ ਰਹੀਆਂ ਹਨ, ਜਿਸ 'ਤੇ ਏਕ ਓਂਕਾਰ ਉੱਕਰਿਆ ਹੋਇਆ ਹੈ। SGPC ਜਲਦ ਹੀ ਕਾਨੂੰਨੀ ਟੀਮ ਦੀ ਮਦਦ ਨਾਲ ਨਾਇਕਾ ਮੈਨ ਨੂੰ ਨੋਟਿਸ ਜਾਰੀ ਕਰੇਗੀ।
ਸਿੱਖੀ ਸਰੂਪ ਵਾਲੇ ਹਾਕੀ ਖਿਡਾਰੀ ਨੂੰ ਮਿਲੇਗਾ ਪੰਜ ਲੱਖ ਦਾ ਇਨਾਮ
ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਓਲੰਪਿਕ 'ਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਹਾਕੀ ਟੀਮ 'ਚ ਸਿੱਖ ਸਰੂਪ ਵਿਚ ਜਰਮਨਪ੍ਰੀਤ ਸਿੰਘ ਦੀ ਸਾਰਿਆਂ ਨੇ ਸ਼ਲਾਘਾ ਕੀਤੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਵੀ ਉਨ੍ਹਾਂ ਦੀ ਸ਼ਲਾਘਾ ਕੀਤੀ ਸੀ, ਜਿਸ ਤੋਂ ਬਾਅਦ ਹੁਣ ਸ਼੍ਰੋਮਣੀ ਕਮੇਟੀ ਨੇ ਜਰਮਨਪ੍ਰੀਤ ਸਿੰਘ ਨੂੰ 5 ਲੱਖ ਰੁਪਏ ਇਨਾਮ ਵਜੋਂ ਦੇਣ ਦੀ ਗੱਲ ਕਹੀ ਹੈ।