ਜਲੰਧਰ ਦੇ ਕਾਲਾ ਬੱਕਰਾ 'ਚ ਪੁਰਾਣੀ ਰੰਜਿਸ਼ ਕਾਰਨ ਸਰਪੰਚ ਨੇ ਇਕ ਵਿਅਕਤੀ 'ਤੇ ਗੋਲੀ ਚਲਾ ਦਿੱਤੀ, ਜਿਸ 'ਚ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਉਸ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਹਸਪਤਾਲ 'ਚ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜ਼ਖ਼ਮੀ ਦੀ ਪਛਾਣ ਤਲਵਿੰਦਰ ਸਿੰਘ ਵਜੋਂ ਹੋਈ ਹੈ। ਪੁਲਸ ਨੇ ਸਰਪੰਚ ਦਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਸ ਲਈ ਰੱਖੀ ਸੀ ਰੰਜਿਸ਼
ਹਾਲ ਹੀ ਵਿੱਚ ਹੋਈਆਂ ਪੰਚਾਇਤੀ ਚੋਣਾਂ ਵਿੱਚ ਪੀੜਤ ਤਲਵਿੰਦਰ ਸਿੰਘ ਨੇ ਸਰਪੰਚ ਦਵਿੰਦਰ ਸਿੰਘ ਮੈਂਟਾ ਖਿਲਾਫ ਸਰਪੰਚ ਦੀ ਚੋਣ ਲੜੀ ਸੀ। ਸਰਪੰਚ ਦਵਿੰਦਰ ਸਿੰਘ ਇਸ ਸਬੰਧੀ ਰੰਜਿਸ਼ ਰੱਖ ਰਿਹਾ ਸੀ। ਦਵਿੰਦਰ ਸਿੰਘ ਨੇ ਤਲਵਿੰਦਰ ਸਿੰਘ ਦੇ ਸਰਪੰਚੀ ਦੀ ਚੋਣ ਲਈ ਕਾਗਜ਼ ਚੁਕਵਾ ਦਿੱਤੇ ਸਨ। ਫਿਰ ਵੀ ਤਲਵਿੰਦਰ ਸਿੰਘ ਨੇ ਸਰਪੰਚ ਦੀ ਚੋਣ ਦਵਿੰਦਰ ਸਿੰਘ ਦੇ ਮੁਕਾਬਲੇ ਲੜੀ ਸੀ ਅਤੇ ਦਵਿੰਦਰ ਸਿੰਘ 5 ਤੋਂ 6 ਵੋਟਾਂ ਦੇ ਫਰਕ ਨਾਲ ਸਰਪੰਚ ਦੀ ਚੋਣ ਜਿੱਤ ਗਿਆ ਸੀ।
ਰਸਤੇ ਵਿੱਚ ਰੋਕ ਕੇ ਮਾਰੀ ਗੋਲੀ
ਰੰਜਿਸ਼ ਨੂੰ ਲੈ ਕੇ ਦਵਿੰਦਰ ਸਿੰਘ ਦੇ ਮਨ ਨੂੰ ਵਾਰ-ਵਾਰ ਇਹ ਗੱਲ ਵਿੰਨ੍ਹ ਰਹੀ ਸੀ ਅਤੇ ਇਸ ਰੰਜਿਸ਼ ਦਾ ਬਦਲਾ ਲੈਣ ਲਈ ਉਸ ਨੇ ਤਲਵਿੰਦਰ ਸਿੰਘ ਨੂੰ ਪਿੰਡ ਦੇ ਰਸਤੇ ਵਿੱਚ ਰੋਕ ਕੇ ਗੋਲੀ ਮਾਰ ਦਿੱਤੀ। ਪਤਾ ਲੱਗਾ ਹੈ ਕਿ ਤਲਵਿੰਦਰ ਸਿੰਘ ਆਪਣੇ ਘਰ ਜਾ ਰਿਹਾ ਸੀ ਤਾਂ ਸਰਪੰਚ ਦਵਿੰਦਰ ਸਿੰਘ ਨੇ ਉਸ ਦਾ ਟਰੈਕਟਰ ਅੱਧ ਵਿਚਕਾਰ ਰੋਕ ਕੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ।