ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਦੀ ਮੁੜ ਸ਼ੁਰੂਆਤ ਕੀਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ ਹੇਠ ਪੰਜਾਬ ਬਚਾਓ ਯਾਤਰਾ ਕੱਢੀ ਜਾ ਰਹੀ ਹੈ, ਜਿਸ ਦੀ ਸ਼ੁਰੂਆਤ ਮੁੜ ਗਿੱਦੜਬਾਹਾ ਤੋਂ ਹੋਈ ਹੈ, ਜੋ ਕਿ ਵੱਖ-ਵੱਖ ਪਿੰਡਾਂ ਤੋਂ ਹੁੰਦੀ ਹੋਈ ਸ੍ਰੀ ਮੁਕਤਸਰ ਸਾਹਿਬ ਪਹੁੰਚੇਗੀ। ਇਸ ਦੌਰਾਨ ਭਾਰੀ ਮਾਤਰਾ ਵਿਚ ਸ਼੍ਰੋਮਣੀ ਕਮੇਟੀ ਦੇ ਸਮਰਥਕ ਨਾਲ ਨਜ਼ਰ ਆ ਰਹੇ ਹਨ।
1 ਫਰਵਰੀ ਤੋਂ ਹੋਈ ਸੀ ਯਾਤਰਾ ਦੀ ਸ਼ੁਰੂਆਤ
ਦੱਸ ਦੇਈਏ ਕਿ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ 1 ਫਰਵਰੀ 2024 ਨੂੰ ਸਰਹੱਦੀ ਕਸਬਾ ਅਟਾਰੀ ਤੋਂ ਸ਼ੁਰੂ ਕੀਤੀ ਗਈ ਸੀ, ਜਿਸ ਦਾ ਥਾਂ-ਥਾਂ ’ਤੇ ਅਕਾਲੀ ਵਰਕਰਾਂ ਨੇ ਨਿੱਘਾ ਸਵਾਗਤ ਕੀਤਾ ਸੀ। ਇਸ ਸਬੰਧੀ ਸੁਖਬੀਰ ਬਾਦਲ ਨੇ ਸੰਬੋਧਨ ਕਰਦਿਆਂ ਕਿਹਾ ਸੀ ਕਿ ਪੰਜਾਬ ਬਚਾਓ ਯਾਤਰਾ ਦਾ ਮੁੁੱਖ ਉਦੇਸ਼ ਪੰਜਾਬ ਨੂੰ ਬਚਾਉਣਾ ਹੈ ਕਿਉਂਕਿ ਇਸ ਵੇਲੇ ਪੰਜਾਬ ਹਰੇਕ ਪੱਖ ਤੋਂ ਕਮਜ਼ੋਰ ਹੋ ਰਿਹਾ ਹੈ। ਜੇਕਰ ਹੁਣ ਵੀ ਪੰਜਾਬ ਨੂੰ ਨਾ ਬਚਾਇਆ ਗਿਆ ਤਾਂ ਆਉਣ ਵਾਲਾ ਸਮਾਂ ਬਹੁਤ ਔਖਾ ਹੋਵੇਗਾ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਚੋਣਾਂ ਦੌਰਾਨ ਕੀਤੇ ਆਪਣੇ ਹਰ ਵਾਅਦੇ ਤੋਂ ਭੱਜ ਗਈ ਹੈ।
14 ਫਰਵਰੀ ਨੂੰ ਯਾਤਰਾ ਕੀਤੀ ਸੀ ਮੁਅੱਤਲ
ਇਸ ਯਾਤਰਾ ਰਾਹੀਂ ਪੰਜਾਬ ਦੇ 43 ਸਰਕਲ ਕਵਰ ਕੀਤੇ ਜਾਣੇ ਸਨ, ਪਰ ਕਿਸਾਨਾਂ ਦੇ 13 ਫਰਵਰੀ ਨੂੰ ਜਦੋਂ ਦਿੱਲੀ ਜਾਣ ਲਈ ਰਵਾਨਾ ਹੋਏ ਤਾਂ ਉਨਾਂ ਨੂੰ ਹਰਿਆਣਾ ਦੇ ਸ਼ੰਭੂ ਬਾਰਡਰ ਤੇ ਰੋਕ ਲਿਆ ਗਿਆ ਸੀ ਤੇ ਹਰਿਆਣਾ ਪੁਲਸ ਵਲੋਂ ਕਿਸਾਨਾਂ ਉਤੇ ਹੰਝੂ ਗੈਸ ਦੇ ਗੋਲੇ ਤੇ ਰਬੜ ਦੀਆਂ ਗੋਲੀਆਂ ਦਾਗੀਆਂ ਗਈਆਂ, ਇਸ ਦੌਰਾਨ ਸੁਖਬੀਰ ਬਾਦਲ ਨੇ ਪੰਜਾਬ ਬਚਾਓ ਯਾਤਰਾ ਕੁਝ ਸਮੇਂ ਲਈ ਮੁਅੱਤਲ ਕਰ ਦਿੱਤੀ ਸੀ।