ਲੁਧਿਆਣਾ 'ਚ ਸ਼ਿਵ ਸੈਨਾ ਆਗੂ ਸੰਦੀਪ ਥਾਪਰ ਉਰਫ ਗੋਰਾ 'ਤੇ ਕੁਝ ਅਣਪਛਾਤੇ ਹਮਲਾਵਰਾਂ ਨੇ ਜਾਨਲੇਵਾ ਹਮਲਾ ਕਰ ਦਿੱਤਾ। ਹਮਲੇ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਸੰਦੀਪ ਥਾਪਰ ਨੂੰ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ, ਜਿਸ ਤੋਂ ਬਾਅਦ ਉਸ ਨੂੰ ਸੀਐਮਸੀ ਹਸਪਤਾਲ ਰੈਫਰ ਕਰ ਦਿੱਤਾ ਗਿਆ।
ਐਕਟਿਵਾ 'ਤੇ ਨਿਹੰਗ ਬਾਣੇ ਵਿਚ ਆਏ ਦੋ ਵਿਅਕਤੀਆਂ ਨੇ ਕੀਤਾ ਹਮਲਾ
ਵਾਰਦਾਤ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਨਿਹੰਗ ਬਾਣੇ ਵਿੱਚ ਦੋ ਵਿਅਕਤੀ ਸੰਦੀਪ ਥਾਪਰ ਦੀ ਐਕਟਿਵਾ ਅੱਗੇ ਆ ਕੇ ਖੜ੍ਹੇ ਹਨ। ਇਨ੍ਹਾਂ 'ਚੋਂ ਇਕ ਨੇ ਸ਼ਰੇਆਮ ਸੰਦੀਪ ਦੇ ਸਿਰ 'ਤੇ ਤਲਵਾਰ ਨਾਲ 2 ਤੋਂ 3 ਵਾਰ ਕੀਤੇ। ਹਮਲੇ ਤੋਂ ਬਾਅਦ ਉਕਤ ਦੋਵੇਂ ਮੌਕੇ ਤੋਂ ਫਰਾਰ ਹੋ ਗਏ।
ਸੰਦੀਪ ਥਾਪਰ ਦੇ ਗੰਨਮੈਨ ਦਾ ਦੋਸ਼ ਹੈ ਕਿ ਹਮਲਾਵਰਾਂ ਨੇ ਰਿਵਾਲਵਰ ਖੋਹਣ ਦੀ ਕੋਸ਼ਿਸ਼ ਕੀਤੀ ਸੀ। ਜਦੋਂ ਇਹ ਹਮਲਾ ਹੋਇਆ ਤਾਂ ਪੁਲਸ ਵੀ ਮੌਜੂਦ ਸੀ। ਹਮਲਾਵਰਾਂ ਨੇ ਪੁਲਸ ਦੀ ਮੌਜੂਦਗੀ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
ਪੁਲਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ
ਇਸ ਵਾਰਦਾਤ ਤੋਂ ਬਾਅਦ ਸੰਦੀਪ ਥਾਪਰ ਦੇ ਸਮਰਥਕਾਂ ਅਤੇ ਸ਼ਿਵ ਸੈਨਾ ਆਗੂਆਂ ਨੇ ਪੁਲਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਸਮਰਥਕਾਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।