ਮਸ਼ਹੂਰ ਸੂਫੀ ਗਾਇਕਾ ਜੋਤੀ ਨੂਰਾਂ 'ਤੇ ਉਸ ਦੇ ਪਹਿਲੇ ਪਤੀ ਕੁਨਾਲ ਪਾਸੀ ਨੇ ਹਮਲਾਵਰਾਂ ਨੂੰ ਬੁਲਾ ਕੇ ਕੁੱਟ-ਮਾਰ ਦੇ ਦੋਸ਼ ਲਾਏ ਹਨ। ਜੋਤੀ ਨੂਰਾਂ ਨੇ ਆਪਣੇ ਪਹਿਲੇ ਪਤੀ ਕੁਨਾਲ ਪਾਸੀ 'ਤੇ ਵੀ ਗੰਭੀਰ ਦੋਸ਼ ਲਗਾਏ ਹਨ। ਦੋਵਾਂ ਨੇ ਇਸ ਮਾਮਲੇ ਸਬੰਧੀ ਥਾਣਾ ਰਾਮਾ ਮੰਡੀ ਦੀ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਹੈ।
ਕੁਨਾਲ ਪਾਸੀ ਨੇ ਇਹ ਦੋਸ਼ ਲਾਏ
ਕੁਨਾਲ ਪਾਸੀ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਜੋਤੀ ਨੂਰਾਂ ਨੇ ਉਸ ਨੂੰ ਵਿਧੀਪੁਰ ਫਲਾਈਓਵਰ ’ਤੇ ਬੁਲਾਇਆ ਸੀ, ਜਿੱਥੇ ਉਸ ਨੇ ਫੋਨ 'ਤੇ ਕਿਹਾ ਕਿ ਉਹ ਉਸ ਦਾ ਇੰਤਜ਼ਾਰ ਕਰ ਰਹੀ ਹੈ। ਕੁਣਾਲ ਨੇ ਦੋਸ਼ ਲਾਇਆ ਕਿ ਦੇਰ ਰਾਤ ਉਹ ਫਾਰਚੂਨਰ ਕਾਰ ਵਿੱਚ ਵਿਧੀਪੁਰ ਫਲਾਈਓਵਰ ਗਿਆ, ਜਿੱਥੇ ਜੋਤੀ ਨੂਰਾਂ ਦੀ ਫਾਰਚੂਨਰ ਕਾਰ ਪੀਬੀ 08 8008 ਤੇ ਇੱਕ ਹੋਰ ਕਾਰ ਨੰਬਰ ਪੀਬੀ 09 ਏਜੀ 7129 ਖੜ੍ਹੀ ਸੀ। ਇਸ ਦੌਰਾਨ ਇਕ ਆਈ-20 ਕਾਰ ਆਈ, ਜਿਸ ਵਿਚ ਸਵਾਰ ਵਿਅਕਤੀ ਆਪਣੇ ਆਪ ਨੂੰ ਪੁਲਸ ਮੁਲਾਜ਼ਮ ਦੱਸ ਰਹੇ ਸਨ। ਉਕਤ ਵਿਅਕਤੀਆਂ ਨੇ ਪਿਸਤੌਲ ਅਤੇ ਤੇਜ਼ਧਾਰ ਹਥਿਆਰ ਲੈ ਕੇ ਉਸ 'ਤੇ ਹਮਲਾ ਕਰ ਦਿੱਤਾ ਪਰ ਉਹ ਉਥੋਂ ਦੀ ਨਿਕਲ ਗਿਆ।
ਹਮਲਾਵਰਾਂ ਨੇ ਪਿੱਛਾ ਕਰ ਕੇ ਫਿਰ ਕੀਤਾ ਹਮਲਾ
ਉਕਤ ਹਮਲਾਵਰਾਂ ਨੇ ਉਸ ਦਾ ਪਿੱਛਾ ਕੀਤਾ ਅਤੇ ਫਿਰ ਕੁਝ ਦੂਰੀ 'ਤੇ ਆ ਕੇ ਉਸ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਦਵਿੰਦਰ ਸਿੰਘ ਪੀ.ਸੀ.ਆਰ ਟੀਮ ਉਥੇ ਗਸ਼ਤ 'ਤੇ ਤਾਇਨਾਤ ਸੀ, ਜਿਸ ਨੂੰ ਦੇਖ ਕੇ ਉਹ ਮੌਕੇ 'ਤੇ ਪਹੁੰਚ ਗਏ ਪਰ ਇਸ ਦੌਰਾਨ ਹਮਲਾਵਰ ਫ਼ਰਾਰ ਹੋ ਗਏ।
ਜੋਤੀ ਨੂਰਾਂ ਨੇ ਵੀ ਇਹ ਦੋਸ਼ ਲਾਏ
ਦੂਜੇ ਪਾਸੇ ਜੋਤੀ ਨੂਰਾਂ ਨੇ ਸ਼ਿਕਾਇਤ 'ਚ ਕਿਹਾ ਹੈ ਕਿ ਉਸ ਨੂੰ ਕੁਨਾਲ ਦਾ ਫੋਨ ਆਇਆ ਸੀ ਅਤੇ ਉਹ ਉਸ ਨੂੰ ਅਸ਼ਲੀਲ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਰਿਹਾ ਸੀ। ਜਿਸ ਤੋਂ ਬਾਅਦ ਉਹ ਵਿਧੀਪੁਰ ਫਲਾਈਓਵਰ 'ਤੇ ਉਸ ਨੂੰ ਮਿਲਣ ਗਈ। ਜਿੱਥੇ ਦੋ ਗੱਡੀਆਂ ਖੜੀਆਂ ਸਨ। ਜਿਸ ਵਿੱਚ ਇੱਕ ਗੱਡੀ ਪੀਬੀ 08 ਐਫਜੀ 3961 ਮੌਜੂਦ ਸੀ। ਕੁਣਾਲ ਇਸ ਗੱਡੀ ਵਿੱਚੋਂ ਬਾਹਰ ਨਿਕਲਿਆ ਅਤੇ ਉਸ ਦੇ ਨਾਲ ਇੱਕ ਆਲਟੋ ਗੱਡੀ ਸੀ ਜਿਸ ਵਿੱਚ ਕੁਝ ਅਣਪਛਾਤੇ ਵਿਅਕਤੀ ਮੌਜੂਦ ਸਨ।
ਅਸ਼ਲੀਲ ਵੀਡੀਓ ਵਾਇਰਲ ਕਰਨ ਦੀ ਦਿੱਤੀ ਧਮਕੀ
ਇਸ ਦੌਰਾਨ ਕੁਨਾਲ ਨੇ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਉਹ ਉਸ ਦੀ ਅਸ਼ਲੀਲ ਵੀਡੀਓ ਵਾਇਰਲ ਕਰ ਦੇਵੇਗਾ, ਇਸ ਲਈ ਉਸ ਨੇ ਆਪਣੀ ਜਾਨ ਨੂੰ ਖਤਰਾ ਹੋਣ ਦੇ ਡਰੋਂ ਆਪਣੇ ਪਤੀ ਅਵਿਨਾਸ਼ ਕੁਮਾਰ ਨੂੰ ਫੋਨ ਕੀਤਾ। ਇਸ ਤੋਂ ਬਾਅਦ ਅਵਿਨਾਸ਼ ਆਪਣੇ ਦੋਸਤਾਂ ਨਾਲ ਉੱਥੇ ਪਹੁੰਚ ਗਿਆ, ਜਿਸ ਤੋਂ ਬਾਅਦ ਕੁਣਾਲ ਉੱਥੋਂ ਭੱਜ ਗਿਆ।
ਪੁਲਸ ਕਰ ਰਹੀ ਮਾਮਲੇ ਦੀ ਜਾਂਚ
ਇਸ ਘਟਨਾ ਸਬੰਧੀ ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦੋਵਾਂ ਧਿਰਾਂ ਦੀਆਂ ਸ਼ਿਕਾਇਤਾਂ ਮਿਲੀਆਂ ਹਨ ਅਤੇ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ।