ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੁਖਦੇਵ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਵਿਚ ਵਾਪਸੀ ਕਰ ਲਈ ਹੈ। ਦੱਸ ਦੇਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਉਨ੍ਹਾਂ ਨੂੰ ਪਾਰਟੀ ਵਿਚ ਸ਼ਾਮਲ ਕਰਵਾਇਆ।
ਕੀ ਕਿਹਾ ਸੁਖਦੇਵ ਢੀਂਡਸਾ ਨੇ
ਇਸ ਦੌਰਾਨ ਢੀਂਡਸਾ ਨੇ ਕਿਹਾ ਕਿ ਪੰਜਾਬ ਦੇ ਮੌਜੂਦਾ ਹਾਲਾਤ ਠੀਕ ਨਹੀਂ ਹਨ। ਇਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਵਿਚ ਮੁੜ ਸ਼ਾਮਲ ਕੀਤਾ।ਸਾਂਝੀ ਪ੍ਰੈਸ ਕਾਨਫ਼ਰੰਸ ਦੌਰਾਨ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਅਸੀਂ ਪੰਜਾਬ ਨੂੰ ਬਚਾਉਣ ਲਈ ਇਕੱਠੇ ਹੋ ਰਹੇ ਹਾਂ। ਇਸ ਰਲੇਵੇਂ ਨਾਲ ਲੋਕ ਸਭਾ ਚੋਣਾਂ ਲਈ ਪਾਰਟੀ ਦਾ ਹੌਸਲਾ ਵਧੇਗਾ।
ਸੁਖਬੀਰ ਬਾਦਲ ਨੇ ਕੀ ਕਿਹਾ
ਇਸ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਕਿ ਅੱਜ ਕਈ ਚਿਰਾਂ ਤੋਂ ਬਾਅਦ ਦੋ ਪਰਿਵਾਰ ਮੁੜ ਇਕੱਠੇ ਹੋਏ ਹਨ। ਢੀਂਡਸਾ ਸਾਬ੍ਹ 6 ਸਾਲਾਂ ਬਾਅਦ ਸ਼੍ਰੋਮਣੀ ਅਕਾਲੀ ਦਲ ਵਿਚ ਵਾਪਸੀ ਕਰ ਰਹੇ ਹਨ। ਉਨਾਂ ਕਿਹਾ ਕਿ ਪਾਰਟੀ ਲਈ ਅੱਜ ਖੁਸ਼ੀ ਤੇ ਇਤਿਹਾਸਕ ਦਿਨ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਢੀਂਡਸਾ ਜੀ ਸਾਨੂੰ ਸਰਪ੍ਰਸਤ ਦੀ ਤਰ੍ਹਾਂ ਰਾਹ ਦਿਖਾਉਣਗੇ ਤੇ ਅਕਾਲੀ ਦਲ ਵੱਡੇ ਜੋਸ਼ ਨਾਲ ਮੈਦਾਨ ਵਿਚ ਵਾਪਸ ਆਵੇਗਾ।
ਸੀ ਐਮ ਮਾਨ 'ਤੇ ਕੱਸਿਆ ਤੰਜ
ਸੁਖਬੀਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਜੋ ਕਹਿ ਰਿਹਾ ਹੈ ਕਿ 13-0, ਉਹ ਸਹੀ ਕਿਹ ਰਿਹਾ ਹੈ, ਜ਼ੀਰੋ ਉਸ ਨੂੰ ਹੀ ਮਿਲਣਾ ਹੈ। ਇਨ੍ਹਾਂ ਨੇ ਸਾਰਾ ਪੈਸਾ ਮਸ਼ਹੂਰੀਆਂ ਲਈ ਹੀ ਵਰਤ ਦਿੱਤਾ। ਇਨੂੰ ਨਾ ਬਜਟ ਪਤਾ ਹੈ, ਨਾ ਬੋਲਣ ਦਾ ਸਲੀਕਾ ਪਤਾ ਹੈ। ਉਨਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ 25 ਸਾਲ ਮੁੱਖ ਮੰਤਰੀ ਰਹੇ, ਉਨਾਂ ਦੀਆਂ ਪੁਰਾਣੀਆਂ ਵੀਡੀਓ ਦੇਖੇ ਕਿ ਵਿਧਾਨ ਸਭਾ ਵਿਚ ਕਿਵੇਂ ਵਿਹਾਰ ਕੀਤਾ ਜਾਂਦਾ ਹੈ।