ਪੰਜਾਬ ਵਿੱਚ ਸਰਗਰਮ ਮਾਨਸੂਨ ਕਾਰਨ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਇੱਕ ਦਿਨ ਵਿੱਚ ਪੰਜਾਬ ਦੇ ਔਸਤ ਤਾਪਮਾਨ ਵਿੱਚ 6.5 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਜੋ ਕਿ ਆਮ ਨਾਲੋਂ 3.3 ਡਿਗਰੀ ਘੱਟ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦੋ ਦਿਨਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।
ਰਿਪੋਰਟ ਮੁਤਾਬਕ ਅੰਮ੍ਰਿਤਸਰ 'ਚ 19 ਮਿਲੀਮੀਟਰ, ਲੁਧਿਆਣਾ 'ਚ 2 ਮਿਲੀਮੀਟਰ, ਪਠਾਨਕੋਟ 'ਚ 13.5 ਮਿਲੀਮੀਟਰ, ਫਰੀਦਕੋਟ 'ਚ 1 ਮਿਲੀਮੀਟਰ ਬਾਰਿਸ਼ ਹੋਈ ਹੈ, ਜਦਕਿ ਬਠਿੰਡਾ ਅਤੇ ਪਟਿਆਲਾ 'ਚ ਵੀ ਮੀਂਹ ਪਿਆ ਹੈ। ਪੰਜਾਬ ਵਿੱਚ ਔਸਤ ਤਾਪਮਾਨ ਵਿੱਚ 6.5 ਡਿਗਰੀ ਦੀ ਗਿਰਾਵਟ ਤੋਂ ਬਾਅਦ ਪਠਾਨਕੋਟ ਦਾ ਤਾਪਮਾਨ 36.4 ਡਿਗਰੀ ਦਰਜ ਕੀਤਾ ਗਿਆ।
ਪੰਜਾਬ ਵਿੱਚ 1 ਤੋਂ 12 ਜੁਲਾਈ ਤੱਕ 13 ਫੀਸਦੀ ਪਿਆ ਘੱਟ ਮੀਂਹ
ਆਈਐਮਡੀ ਅਨੁਸਾਰ 1 ਤੋਂ 12 ਜੁਲਾਈ ਤੱਕ ਪੰਜਾਬ ਵਿੱਚ ਆਮ ਨਾਲੋਂ 13 ਫੀਸਦੀ ਘੱਟ ਮੀਂਹ ਪਿਆ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਹਵਾਵਾਂ ਹਿਮਾਚਲ ਅਤੇ ਰਾਜਸਥਾਨ ਵਿਚਕਾਰ ਸਹੀ ਦਬਾਅ ਨਹੀਂ ਬਣਾ ਪਾ ਰਹੀਆਂ ਹਨ।
ਹੁਣ ਤੱਕ ਸਿਰਫ਼ 49.2 ਮਿਲੀਮੀਟਰ ਮੀਂਹ ਪਿਆ
ਜਿਸ ਕਾਰਨ ਪੰਜਾਬ ਅਤੇ ਹਰਿਆਣਾ ਵਿੱਚ ਆਮ ਨਾਲੋਂ ਘੱਟ ਮੀਂਹ ਪੈ ਰਿਹਾ ਹੈ ਪਰ ਰਾਜਸਥਾਨ ਵਿੱਚ ਆਮ ਨਾਲੋਂ 35 ਫੀਸਦੀ ਵੱਧ ਮੀਂਹ ਦਰਜ ਕੀਤਾ ਗਿਆ ਹੈ। ਪੰਜਾਬ ਦੀ ਗੱਲ ਕਰੀਏ ਤਾਂ ਆਮ ਤੌਰ 'ਤੇ ਸੂਬੇ 'ਚ 56.5 ਮਿਲੀਮੀਟਰ ਬਾਰਿਸ਼ ਹੁੰਦੀ ਹੈ ਪਰ ਹੁਣ ਤੱਕ ਸਿਰਫ਼ 49.2 ਮਿਲੀਮੀਟਰ ਬਾਰਿਸ਼ ਹੀ ਹੋਈ ਹੈ।
ਡੇਂਗੂ ਵਰਗੀਆਂ ਬਿਮਾਰੀਆਂ ਦਾ ਖਤਰਾ
ਦੱਸ ਦੇਈਏ ਕਿ ਇਸ ਮੌਸਮ ਵਿੱਚ ਡੇਂਗੂ ਵਰਗੀਆਂ ਬੀਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਅਜਿਹੇ 'ਚ ਲੋਕਾਂ ਨੂੰ ਜ਼ਿਆਦਾ ਸਾਵਧਾਨ ਰਹਿਣ ਦੀ ਲੋੜ ਹੈ। ਆਪਣੇ ਆਲੇ-ਦੁਆਲੇ ਕਿਤੇ ਵੀ ਪਾਣੀ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ। ਪਾਣੀ ਨੂੰ ਵੀ ਖੁੱਲੇ ਵਿੱਚ ਨਹੀਂ ਰੱਖਣਾ ਚਾਹੀਦਾ। ਲਗਭਗ ਸਾਰੇ ਜ਼ਿਲ੍ਹਿਆਂ ਵਿੱਚ ਤਾਪਮਾਨ 35 ਡਿਗਰੀ ਨੂੰ ਪਾਰ ਕਰ ਗਿਆ ਹੈ। ਇਸ ਵਿੱਚ ਹੋਰ ਵਾਧਾ ਹੋਣ ਦੀ ਉਮੀਦ ਹੈ।