ਗੁਜਰਾਤ ਵਿੱਚ ਸੋਮਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇਹ ਹਾਦਸਾ ਆਨੰਦ 'ਚ ਅਹਿਮਦਾਬਾਦ-ਵਡੋਦਰਾ ਐਕਸਪ੍ਰੈੱਸ ਹਾਈਵੇਅ 'ਤੇ ਵਾਪਰਿਆ। ਜਿੱਥੇ ਬੱਸ ਅਤੇ ਟਰੱਕ ਵਿਚਕਾਰ ਟੱਕਰ ਹੋ ਗਈ। ਇਸ ਦਰਦਨਾਕ ਹਾਦਸੇ ਵਿੱਚ 6 ਲੋਕਾਂ ਦੀ ਮੌਤ ਹੋ ਗਈ। ਹਾਦਸੇ 'ਚ 8 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ |
ਸਵੇਰੇ ਸਾਢੇ ਚਾਰ ਵਜੇ ਵਾਪਰਿਆ ਹਾਦਸਾ
ਪੁਲੀਸ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ 15 ਜੁਲਾਈ ਨੂੰ ਸਵੇਰੇ ਸਾਢੇ ਚਾਰ ਵਜੇ ਵਾਪਰਿਆ। ਜਿੱਥੇ ਇੱਕ ਟਰੱਕ ਨੇ ਲਗਜ਼ਰੀ ਬੱਸ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਤਿੰਨ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਤਿੰਨ ਲੋਕਾਂ ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਸਾਰੇ ਜ਼ਖਮੀਆਂ ਨੂੰ ਆਨੰਦ ਦੇ ਵੱਖ-ਵੱਖ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ।
ਪੰਕਚਰ ਲਗਾਉਣ ਲਈ ਬੱਸ ਖੜ੍ਹੀ ਸੀ ਕਿਨਾਰੇ
ਦੱਸਿਆ ਜਾ ਰਿਹਾ ਹੈ ਕਿ ਮਹਾਰਾਸ਼ਟਰ ਤੋਂ ਰਾਜਸਥਾਨ ਜਾ ਰਹੀ ਬੱਸ ਦਾ ਟਾਇਰ ਪੰਕਚਰ ਹੋ ਗਿਆ ਸੀ । ਡਰਾਈਵਰ ਨੇ ਪੰਕਚਰ ਲਗਾਉਣ ਲਈ ਬੱਸ ਨੂੰ ਹਾਈਵੇਅ ਦੇ ਕਿਨਾਰੇ ਖੜ੍ਹੀ ਕੀਤਾ ਸੀ । ਇਸੇ ਦੌਰਾਨ ਇੱਕ ਤੇਜ਼ ਰਫ਼ਤਾਰ ਟਰੱਕ ਨੇ ਬੱਸ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਤੋਂ ਬਾਅਦ ਮੌਕੇ 'ਤੇ ਹਾਹਾਕਾਰ ਮੱਚ ਗਈ। ਹਾਦਸੇ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ। ਸੂਚਨਾ ਮਿਲਦੇ ਹੀ ਪੁਲਸ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਇਸ ਹਾਦਸੇ ਵਿੱਚ ਬੱਸ ਅਤੇ ਟਰੱਕ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।