ਕੀਰਤਪੁਰ ਸਾਹਿਬ – ਮਨਾਲੀ ਨੈਸ਼ਨਲ ਹਾਈਵੇ ਤੇ ਅੱਜ ਵੱਡਾ ਹਾਦਸਾ ਵਾਪਰਿਆ। ਇੱਥੇ ਟੋਲ ਪਲਾਜ਼ਾ ਤੇ ਪਰਚੀਆਂ ਕਟਵਾਉਣ ਦੇ ਲਈ ਗੱਡੀਆਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਸਨ। ਇਸ ਦੌਰਾਨ ਹਿਮਾਚਲ ਵਾਲੇ ਪਾਸੇ ਤੋਂ ਆ ਰਹੇ ਇੱਕ ਟਰੱਕ ਨੇ ਆਪਣੇ ਅੱਗੇ ਖੜੀਆਂ ਪੰਜ ਗੱਡੀਆਂ ਨੂੰ ਬੁਰੇ ਤਰੀਕੇ ਨਾਲ ਦਰੜਿਆ, ਜਿਸ ਨਾਲ ਇੱਕ ਵਿਅਕਤੀ ਦੀ ਮੌਕੇ ਤੇ ਦਰਦਨਾਕ ਮੌਤ ਹੋ ਗਈ।
ਕਾਰਾਂ ਵੀ ਬੁਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ
ਦੱਸਿਆ ਜਾ ਰਿਹਾ ਹੈ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਮਰਨ ਵਾਲੇ ਵਿਅਕਤੀ ਦਾ ਸਰੀਰ ਦੋ ਟੁਕੜਿਆਂ ਵਿੱਚ ਕੱਟਿਆ ਗਿਆ ਤੇ ਹਾਦਸੇ ਕਾਰਨ ਕਾਰਾਂ ਬਹੁਤ ਬੁਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ। ਇਸ ਭਿਆਨਕ ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਲੋਕ ਵੱਡੀ ਗਿਣਤੀ ਦੇ ਵਿੱਚ ਮੌਕੇ ਤੇ ਪਹੁੰਚੇ, ਜਿਨਾਂ ਵੱਲੋਂ ਰਾਹਤ ਕਾਰਜ ਕੀਤੇ ਗਏ।
ਜ਼ਖਮੀਆਂ ਨੂੰ ਬੜੀ ਮੁਸ਼ੱਕਤ ਨਾਲ ਕੱਢਿਆ ਬਾਹਰ
ਸੂਚਨਾ ਮਿਲਦੇ ਹੀ ਕੀਰਤਪੁਰ ਸਾਹਿਬ ਪ੍ਰਸ਼ਾਸਨ ਅਤੇ ਜ਼ਿਲ੍ਹਾ ਬਿਲਾਸਪੁਰ ਨਾਲ ਸੰਬੰਧਿਤ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚ ਗਿਆ। ਇਸ ਮੌਕੇ ਜ਼ਖਮੀਆਂ ਨੂੰ ਉਹਨਾਂ ਦੀਆਂ ਗੱਡੀਆਂ ‘ਚੋਂ ਕਾਫੀ ਮੁਸ਼ਕਲਾਂ ਨਾਲ ਕੱਢਿਆ ਗਿਆਤੇ ਉਨਾਂ ਨੂੰ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਬਿਲਾਸਪੁਰ ਦੇ ਏਮਸ ਹਸਪਤਾਲ ਵਿਖੇ ਇਲਾਜ ਲਈ ਭੇਜਿਆ ਗਿਆ।
ਜਾਮ ਕਾਰਨ ਹੋ ਰਹੇ ਹਨ ਕਈ ਹਾਦਸੇ
ਕੀਰਤਪੁਰ ਸਾਹਿਬ - ਮਨਾਲੀ ਨੈਸ਼ਨਲ ਹਾਈਵੇ ਉੱਤੇ ਪਿੰਡ ਗਰਾਂ ਮੋੜਾ ਵਿਖੇ ਲੱਗੇ ਟੋਲ ਪਲਾਜ਼ਾ ਉੱਤੇ ਭਾਰੀ ਜਾਮ ਲੱਗਿਆ ਹੁੰਦਾ ਹੈ | ਜਿਸ ਨਾਲ ਜਿੱਥੇ ਹਿਮਾਚਲ ਜਾਣ ਵਾਲੇ ਸੈਲਾਨੀ ਬੇਹੱਦ ਪਰੇਸ਼ਾਨ ਹੁੰਦੇ ਹਨ ਉੱਥੇ ਹੀ ਇਹ ਜਾਮ ਕਿਸੇ ਵੱਡੇ ਹਾਦਸੇ ਦਾ ਕਾਰਨ ਵੀ ਬਣਦੇ ਹਨ |
ਇਹ ਹਾਦਸਾ ਐਨ ਐਚ ਏ ਆਈ ਦੇ ਅਧਿਕਾਰੀਆਂ ਸਮੇਤ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਵੱਡੇ ਸਵਾਲ ਖੜੇ ਕਰਦਾ ਹੈ । ਜਦੋਂ ਦਾ ਇਹ ਟੋਲ ਪਲਾਜ਼ਾ ਇੱਥੇ ਲੱਗਿਆ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਲੰਬੀਆਂ ਕਤਾਰਾਂ ਦੇ ਵਿੱਚ ਲੋਕ ਪਰਚੀਆਂ ਕਟਵਾਉਣ ਦੇ ਲਈ ਕਾਫੀ ਦੇਰ ਖੜੇ ਰਹਿੰਦੇ ਹਨ|