ਜੰਮੂ-ਕਸ਼ਮੀਰ 'ਚ ਇਕ ਵਾਰ ਫਿਰ ਅੱਤਵਾਦੀਆਂ ਨੇ ਫੌਜ ਦੇ ਵਾਹਨ 'ਤੇ ਗੋਲੀਬਾਰੀ ਕੀਤੀ। ਇਸ ਘਟਨਾ ਤੋਂ ਬਾਅਦ ਫੌਜ ਨੇ ਇਲਾਕੇ 'ਚ ਵੱਡੇ ਪੱਧਰ 'ਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਵਾਰ ਅੱਤਵਾਦੀਆਂ ਨੇ ਫੌਜ ਦੀ ਐਂਬੂਲੈਂਸ ਗੱਡੀ ਸਮੇਤ ਭਾਰਤੀ ਫੌਜ ਦੇ ਵਾਹਨਾਂ ਨੂੰ ਨਿਸ਼ਾਨਾ ਬਣਾਇਆ, ਫੌਜੀ ਅਧਿਕਾਰੀ ਨੇ ਦੱਸਿਆ ਕਿ ਇਸ ਹਮਲੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਅੱਤਵਾਦੀ ਹਮਲੇ ਨੂੰ ਨਾਕਾਮ ਕੀਤਾ ਜਵਾਨਾਂ ਨੇ
ਕਾਰ 'ਚ ਬੈਠੇ ਸਿਪਾਹੀ ਸੁਰੱਖਿਅਤ ਹਨ। ਚੌਕਸ ਜਵਾਨਾਂ ਨੇ ਅੱਤਵਾਦੀ ਹਮਲੇ ਨੂੰ ਨਾਕਾਮ ਕਰ ਦਿੱਤਾ। ਨਾਲ ਹੀ ਇਲਾਕੇ 'ਚ ਵੱਡੇ ਪੱਧਰ 'ਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਲੋਕਾਂ ਤੋਂ ਪੁੱਛਗਿੱਛ ਕਰਕੇ ਹੋਰ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ।
ਫੌਜ ਦੀ ਗੱਡੀ 'ਤੇ ਕੀਤਾ ਹਮਲਾ
ਜਾਣਕਾਰੀ ਮੁਤਾਬਕ ਅੱਜ ਸਵੇਰੇ 7:25 ਵਜੇ ਜੋਗਵਾਨ ਦੇ ਸ਼ਿਵਾਸਨ ਮੰਦਰ ਨੇੜੇ ਬਟਾਲ ਇਲਾਕੇ 'ਚ ਤਿੰਨ ਤੋਂ ਚਾਰ ਅੱਤਵਾਦੀਆਂ ਨੇ ਐਂਬੂਲੈਂਸਾਂ ਅਤੇ ਭਾਰਤੀ ਫੌਜ ਦੀਆਂ ਗੱਡੀਆਂ 'ਤੇ ਗੋਲੀਬਾਰੀ ਕੀਤੀ। ਇਸ ਦੌਰਾਨ ਕਰੀਬ 15-20 ਰਾਉਂਡ ਫਾਇਰ ਕੀਤੇ ਗਏ। ਹਾਲਾਂਕਿ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।
24 ਅਕਤੂਬਰ - ਇਸ ਤੋਂ ਪਹਿਲਾਂ ਵੀ ਅੱਤਵਾਦੀਆਂ ਨੇ ਫੌਜ ਦੇ ਵਾਹਨ 'ਤੇ ਹਮਲਾ ਕੀਤਾ ਸੀ। ਇਸ 'ਚ ਤਿੰਨ ਜਵਾਨ ਸ਼ਹੀਦ ਹੋ ਗਏ ਸਨ। ਦੋ ਪੋਰਟਰ ਵਰਕਰਾਂ ਦੀ ਵੀ ਮੌਤ ਹੋ ਗਈ।
21 ਅਕਤੂਬਰ - ਜੰਮੂ-ਕਸ਼ਮੀਰ ਦੇ ਗੰਦਰਬਲ ਵਿੱਚ ਜ਼ੈੱਡ-ਮੋਡ ਸੁਰੰਗ ਦੇ ਕੈਂਪਸਾਇਟ ਦੇ ਨੇੜੇ ਅੱਤਵਾਦੀਆਂ ਨੇ ਗੈਰ-ਸਥਾਨਕ ਲੋਕਾਂ 'ਤੇ ਹਮਲਾ ਕੀਤਾ ਸੀ । ਜਿਸ ਵਿੱਚ ਇੱਕ ਡਾਕਟਰ ਸਮੇਤ 6 ਤੋਂ 7 ਲੋਕਾਂ ਦੀ ਮੌਤ ਹੋ ਗਈ। ਇਸ ਹਮਲੇ ਵਿੱਚ ਚਾਰ ਮਜ਼ਦੂਰ ਬੁਰੀ ਤਰ੍ਹਾਂ ਜ਼ਖ਼ਮੀ ਵੀ ਹੋਏ । ਜਿਨ੍ਹਾਂ ਨੂੰ ਸ਼੍ਰੀਨਗਰ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ।
ਮ੍ਰਿਤਕਾਂ ਦੀ ਹੋਈ ਪਛਾਣ
ਪੁਲਿਸ ਨੇ ਦੱਸਿਆ ਕਿ ਡਾਕਟਰ ਦੀ ਪਛਾਣ ਬਡਗਾਮ ਦੇ ਸ਼ਾਹਨਵਾਜ਼ ਅਹਿਮਦ ਵਜੋਂ ਹੋਈ ਹੈ। ਦੂਜੇ ਮ੍ਰਿਤਕਾਂ ਦੀ ਪਛਾਣ ਅਨਿਲ ਕੁਮਾਰ ਸ਼ੁਕਲਾ ਅਤੇ ਫਹੀਮ ਨਜ਼ੀਰ, ਕਠੂਆ ਦੇ ਸ਼ਸ਼ੀ ਅਬਰੋਲ, ਬਿਹਾਰ ਦੇ ਮੁਹੰਮਦ ਹਨੀਫ ਤੇ ਕਲੀਮ ਵਜੋਂ ਹੋਈ ਸੀ।