ਰੂਸ ਦੀ ਰਾਜਧਾਨੀ ਮਾਸਕੋ 'ਚ ਕ੍ਰੋਕਸ ਸਿਟੀ ਹਾਲ 'ਤੇ ਅੱਤਵਾਦੀ ਹਮਲਾ ਹੋਇਆ ਹੈ, ਜਿਸ 'ਚ ਸੱਠ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਮੀਡੀਆ ਰਿਪੋਰਟਾਂ ਮੁਤਾਬਕ 140 ਤੋਂ ਵੱਧ ਲੋਕ ਜ਼ਖਮੀ ਹਨ। ਇਹ ਹਮਲਾ ਇਸਲਾਮਿਕ ਸਟੇਟ (IS) ਨੇ ਕੀਤਾ ਸੀ। ਅੱਤਵਾਦੀਆਂ ਨੇ ਫੌਜ ਦੀ ਤਰ੍ਹਾਂ ਕੱਪੜੇ ਪਾਏ ਹੋਏ ਸਨ। ਹਮਲਾ ਕਰਨ ਵਾਲੇ ਪੰਜ ਅੱਤਵਾਦੀ ਦੱਸੇ ਜਾ ਰਹੇ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਅਸੀਂ ਮਾਸਕੋ 'ਚ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕਰਦੇ ਹਾਂ। ਸਾਡੀ ਸੰਵੇਦਨਾ ਪੀੜਤ ਪਰਿਵਾਰਾਂ ਦੇ ਨਾਲ ਹੈ। ਦੁੱਖ ਦੀ ਇਸ ਘੜੀ ਵਿੱਚ ਭਾਰਤ ਰੂਸ ਦੀ ਸਰਕਾਰ ਅਤੇ ਲੋਕਾਂ ਦੇ ਨਾਲ ਇੱਕਮੁੱਠ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਅੱਤਵਾਦੀ ਸੰਗਠਨ ਆਈਐਸ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਲੜਾਕਿਆਂ ਨੇ ਇਹ ਹਮਲਾ ਕੀਤਾ ਹੈ ਅਤੇ ਉਹ ਹਮਲੇ ਤੋਂ ਬਾਅਦ ਉੱਥੋਂ ਭੱਜ ਗਏ ਹਨ।
ਬੀਬੀਸੀ ਨੇ ਮਾਹਿਰਾਂ ਦੇ ਹਵਾਲੇ ਨਾਲ ਆਪਣੀ ਰਿਪੋਰਟ ਵਿੱਚ ਲਿਖਿਆ ਹੈ ਕਿ ਇਹ ਹਮਲਾ ਆਈਐਸਆਈਐਸ ਦੇ ਖੁਰਾਸਾਨ ਵਿੰਗ ਯਾਨੀ ਆਈਐਸਆਈਐਸ-ਕੇ ਦੁਆਰਾ ਕੀਤਾ ਗਿਆ ਸੀ। ISIS-K ਦਾ ਨਾਮ ਉੱਤਰ-ਪੂਰਬੀ ਈਰਾਨ, ਦੱਖਣੀ ਤੁਰਕਮੇਨਿਸਤਾਨ ਅਤੇ ਉੱਤਰੀ ਅਫਗਾਨਿਸਤਾਨ ਦੇ ਖੇਤਰ ਦੇ ਨਾਂ 'ਤੇ ਰੱਖਿਆ ਗਿਆ ਹੈ।
ਇਹ ਸੰਗਠਨ ਪਹਿਲੀ ਵਾਰ 2014 ਵਿੱਚ ਪੂਰਬੀ ਅਫਗਾਨਿਸਤਾਨ ਵਿੱਚ ਸਰਗਰਮ ਹੋਇਆ ਸੀ। ਫਿਰ ਰੂਸੀ ਅੱਤਵਾਦੀ ਸਮੂਹਾਂ ਦੇ ਕਈ ਲੜਾਕੇ ਇਸ ਵਿਚ ਸ਼ਾਮਲ ਹੋਣ ਲਈ ਸੀਰੀਆ ਪਹੁੰਚ ਗਏ।
ਉਹ ਪੁਤਿਨ ਦਾ ਵਿਰੋਧ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੁਤਿਨ ਦੀ ਸਰਕਾਰ ਚੇਚਨੀਆ ਅਤੇ ਸੀਰੀਆ 'ਚ ਹਮਲੇ ਕਰਵਾ ਕੇ ਮੁਸਲਮਾਨਾਂ 'ਤੇ ਜ਼ੁਲਮ ਕਰਦੀ ਹੈ। ਸੋਵੀਅਤ ਯੁੱਗ ਦੌਰਾਨ ਰੂਸ ਦੁਆਰਾ ਅਫਗਾਨਿਸਤਾਨ ਵਿੱਚ ਮੁਸਲਮਾਨਾਂ ਉੱਤੇ ਅਜਿਹਾ ਹੀ ਜ਼ੁਲਮ ਕੀਤਾ ਗਿਆ ਸੀ।
ਮੀਡੀਆ ਰਿਪੋਰਟਾਂ ਮੁਤਾਬਕ ਕਿਸੇ ਅੱਤਵਾਦੀ ਦੇ ਮਾਰੇ ਜਾਣ ਜਾਂ ਫੜੇ ਜਾਣ ਦੀ ਕੋਈ ਖ਼ਬਰ ਨਹੀਂ ਹੈ। ਇਸ ਦੇ ਨਾਲ ਹੀ ਪੁਲਸ ਨੇ ਇਸ ਅੱਤਵਾਦੀ ਹਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।