ਹੁਸ਼ਿਆਰਪੁਰ ਪੁਲਸ ਨੇ ਲੜਕੀਆਂ ਨੂੰ ਛੇੜਨ ਦੇ ਮਾਮਲੇ ਵਿਚ ਦੋ ਅਣਪਛਾਤੇ ਨੌਜਵਾਨ ਲੜਕਿਆਂ ਦਾ ਚਲਾਨ ਕੱਟ ਦਿੱਤਾ ਅਤੇ ਉਨ੍ਹਾਂ ਤੋਂ ਮੁਆਫੀ ਵੀ ਮੰਗਵਾਈ ਗਈ। ਸ਼ਨੀਵਾਰ ਨੂੰ ਸੋਸ਼ਲ ਮੀਡੀਆ ਉਤੇ ਕਮਿਸ਼ਨਰੇਟ ਪੁਲਸ ਦੇ ਪੇਜ 'ਤੇ ਹੁਸ਼ਿਆਰਪੁਰ ਪੁਲਸ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਲੜਕੇ ਸੜਕ 'ਤੇ ਜਾ ਰਹੀਆਂ ਲੜਕੀਆਂ ਦੀ ਵੀਡੀਓ ਬਣਾ ਰਹੇ ਹਨ ਅਤੇ ਗਲਤ ਕੁਮੈਂਟ ਕਰ ਰਹੇ ਹਨ। ਜਦੋਂ ਲੜਕੀਆਂ ਨੇ ਕਾਰ ਦਾ ਨੰਬਰ ਨੋਟ ਕਰ ਕੇ ਪੁਲਸ ਨੂੰ ਸ਼ਿਕਾਇਤ ਕੀਤੀ ਤਾਂ ਹੁਸ਼ਿਆਰਪੁਰ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਲੜਕਿਆਂ ਨੂੰ ਲੱਭ ਲਿਆ।
ਹੁਸ਼ਿਆਰਪੁਰ ਪੁਲਸ ਦੇ ਪੇਜ 'ਤੇ ਪਾਈ ਵਾਇਰਲ ਵੀਡੀਓ 'ਚ ਪੁਲਸ ਅਧਿਕਾਰੀ ਮੁੰਡਿਆਂ ਨੂੰ ਇਹ ਕਹਿੰਦੇ ਹੋਏ ਦਿਖਾਈ ਦੇ ਰਿਹਾ ਹੈ ਕਿ ਤੁਸੀਂ ਕਾਕਾ ਸ਼ਹਿਰ 'ਚ ਘੁੰਮ ਕੇ ਲੜਕੀਆਂ ਦੀਆਂ ਇਸ ਤਰੀਕੇ ਵੀਡੀਓ ਬਣਾ ਰਹੇ ਹੋ ਤੇ ਵੀਡੀਓ ਸੋਸ਼ਲ ਮੀਡੀਆ ਉਤੇ ਚੱਲ ਰਹੀ ਹੈ। ਅਗਲੀ ਵਾਰ ਤੁਸੀਂ ਇਹ ਗਲਤੀ ਕਰੋਗੇ। ਜਿਸ ਤੋਂ ਬਾਅਦ ਪੁਲਸ ਨੇ ਲੜਕਿਆਂ ਨੂੰ ਮਾਫੀ ਮੰਗਣ ਲਈ ਕਿਹਾ ਅਤੇ ਨੌਜਵਾਨਾਂ ਨੂੰ ਸੰਦੇਸ਼ ਦੇਣ ਲਈ ਵੀ ਕਿਹਾ ਕਿ ਕੋਈ ਵੀ ਜੇਕਰ ਇੰਸਟਾਗ੍ਰਾਮ ਉਤੇ ਅਜਿਹੀਆਂ ਵੀਡੀਓ ਪਾਵੇਗਾ ਤਾਂ ਉਸ ਖਿਲਾਫ ਕਾਰਵਾਈ ਹੋਵੇਗੀ, ਜਿਸ ਤੋਂ ਬਾਅਦ ਨੌਜਵਾਨ ਨੇ ਸੋਸ਼ਲ ਮੀਡੀਆ ਤੋਂ ਵੀਡੀਓ ਵੀ ਡਿਲੀਟ ਕਰ ਦਿੱਤੀ।