ਬਰਨਾਲਾ ਵਿਚ ਕਲਯੁਗੀ ਮਾਂ ਦਾ ਕਹਿਰ ਆਪਣੀ ਧੀ ਉਤੇ ਇਸ ਕਦਰ ਵਰ੍ਹਿਆ ਕਿ ਉਸ ਨੇ ਕਿਸੇ ਗੱਲ ਨੂੰ ਲੈ ਕੇ ਨਹਿਰ ਵਿਚ ਧੱਕਾ ਮਾਰ ਦਿੱਤਾ।ਇਹ ਮਾਮਲਾ ਪਿੰਡ ਕੁੱਬਾ ਤੋਂ ਸਾਹਮਣੇ ਆਇਆ, ਜਿਥੇ ਇੱਕ ਔਰਤ ਨੇ ਪਰਿਵਾਰਕ ਝਗੜੇ ਤੋਂ ਪਰੇਸ਼ਾਨ ਹੋ ਕੇ ਆਪਣੀ 5 ਸਾਲਾ ਧੀ ਗੁਰਨੂਰ ਕੌਰ ਨੂੰ ਨਹਿਰ ਵਿੱਚ ਸੁੱਟ ਦਿੱਤਾ ਅਤੇ ਫਿਰ ਖੁਦ ਵੀ ਛਾਲ ਮਾਰ ਦਿੱਤੀ।
ਲੋਕਾਂ ਨੇ ਮਾਂ ਨੂੰ ਬਚਾਇਆ
ਇਸ ਘਟਨਾ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੇ ਮਾਂ-ਧੀ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ। ਦੋਵਾਂ ਨੂੰ ਤੁਰੰਤ ਬਰਨਾਲਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਬੱਚੀ ਨੂੰ ਮ੍ਰਿਤਕ ਐਲਾਨ ਦਿੱਤਾ ਜਦੋਂ ਕਿ ਮਾਂ ਦੀ ਜਾਨ ਬਚ ਗਈ। ਪੁਲਸ ਨੇ ਔਰਤ ਨੂੰ ਗ੍ਰਿਫ਼ਤਾਰ ਕਰ ਕੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।
ਘਰੇਲੂ ਝਗੜੇ ਤੋਂ ਸੀ ਪ੍ਰੇਸ਼ਾਨ
ਜਾਣਕਾਰੀ ਅਨੁਸਾਰ ਧਨੌਲਾ ਪੁਲਿਸ ਸਟੇਸ਼ਨ ਦੇ ਐਸਐਚਓ ਲਖਵੀਰ ਸਿੰਘ ਨੇ ਦੱਸਿਆ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਔਰਤ ਦਾ ਆਪਣੇ ਪਤੀ ਬਾਰੂ ਸਿੰਘ ਨਾਲ ਘਰੇਲੂ ਝਗੜਾ ਚੱਲ ਰਿਹਾ ਸੀ। ਇਸੇ ਕਾਰਨ ਉਹ ਅਕਸਰ ਆਪਣੇ ਮਾਪਿਆਂ ਦੇ ਘਰ ਜਾਂਦੀ ਸੀ। ਪੁਲਿਸ ਨੇ ਮ੍ਰਿਤਕ ਲੜਕੀ ਦੇ ਪਿਤਾ ਦੇ ਬਿਆਨ 'ਤੇ ਔਰਤ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਪੋਸਟਮਾਰਟਮ ਤੋਂ ਬਾਅਦ ਬੱਚੀ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਪੁਲਸ ਮਾਮਲੇ ਨੂੰ ਲੈ ਕੇ ਅਗਲੇਰੀ ਕਾਰਵਾਈ ਕਰ ਰਹੀ ਹੈ।