ਬਠਿੰਡਾ ਤੋਂ ਖਨੌਰੀ ਬਾਰਡਰ ਮਹਾਪੰਚਾਇਤ ਲਈ ਜਾ ਰਹੀ ਕਿਸਾਨਾਂ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਹਾਦਸਾ ਸੰਘਣੀ ਧੁੰਦ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ, ਜਿਥੇ ਮਿੰਨੀ ਬੱਸ ਡਿਵਾਈਡਰ ਨਾਲ ਟਕਰਾ ਗਈ।
ਮਹਾਪੰਚਾਇਤ ਵਿਚ ਸ਼ਾਮਲ ਹੋਣ ਜਾ ਰਹੇ ਸਨ ਕਿਸਾਨ
ਦੱਸ ਦੇਈਏ ਕਿ ਇਸ ਹਾਦਸੇ ਵਿਚ ਕਈ ਕਿਸਾਨ ਜ਼ਖ਼ਮੀ ਹੋ ਗਏ। ਅੱਜ ਟੋਹਾਣਾ ਵਿਚ ਮਹਾਪੰਚਾਇਤ ਹੋ ਰਹੀ ਹੈ, ਜਿਥੇ ਦੇਸ਼ ਭਰ ਤੋਂ ਵੱਡੀ ਗਿਣਤੀ ਵਿਚ ਕਿਸਾਨ ਪੁੱਜ ਰਹੇ ਹਨ। ਇਸ ਬੱਸ ਵਿਚ ਕਰੀਬ 22 ਕਿਸਾਨ ਸਵਾਰ ਸਨ। ਹਾਦਸੇ ਦੌਰਾਨ ਕਰੀਬ 7 ਕਿਸਾਨ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਗਨੀਮਤ ਰਹੀ ਕਿ ਹਾਦਸੇ ਦੌਰਾਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਵੱਡੀ ਗਿਣਤੀ ਵਿਚ ਪੁੱਜਣਗੇ ਕਿਸਾਨ
ਖਨੌਰੀ 'ਚ ਕਿਸਾਨਾਂ ਦੀ ਵੱਡੀ ਕਿਸਾਨ ਮਹਾਪੰਚਾਇਤ ਵਿੱਚ ਪੰਜਾਬ ਅਤੇ ਹਰਿਆਣਾ ਸਮੇਤ ਹੋਰਨਾਂ ਸੂਬਿਆਂ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਜਗਜੀਤ ਸਿੰਘ ਡੱਲੇਵਾਲ ਦੇ ਸਮਰਥਨ ਵਿੱਚ ਆਉਣਗੇ। ਇਸ ਦੌਰਾਨ ਮਰਨ ਵਰਤ 'ਤੇ ਬੈਠੇ ਡੱਲੇਵਾਲ ਮਹਾਪੰਚਾਇਤ 'ਚ ਕਿਸਾਨਾਂ ਨੂੰ ਸੰਦੇਸ਼ ਦੇਣਗੇ।
ਵੀਡੀਓ ਜਾਰੀ ਕਰ ਕੇ ਕੀਤੀ ਸੀ ਅਪੀਲ
ਮਹਾਪੰਚਾਇਤ ਤੋਂ ਇਕ ਦਿਨ ਪਹਿਲਾਂ ਉਨ੍ਹਾਂ ਨੇ ਵੀਡੀਓ ਸੰਦੇਸ਼ ਜਾਰੀ ਕਰ ਕੇ ਲੋਕਾਂ ਨੂੰ ਖਨੌਰੀ ਪਹੁੰਚਣ ਦੀ ਅਪੀਲ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਮੈਂ ਤੁਹਾਨੂੰ ਸਾਰਿਆਂ ਨੂੰ 4 ਜਨਵਰੀ ਨੂੰ ਖਨੌਰੀ ਬਾਰਡਰ 'ਤੇ ਦੇਖਣਾ ਚਾਹੁੰਦਾ ਹਾਂ।
ਦੱਸਣਯੋਗ ਹੈ ਕਿ ਹਰਿਆਣਾ-ਪੰਜਾਬ ਦੇ ਸ਼ੰਭੂ ਅਤੇ ਖਨੌਰੀ ਬਾਰਡਰ 'ਤੇ ਬੈਠੇ ਕਿਸਾਨ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਵੱਲੋਂ ਗਠਿਤ ਕਮੇਟੀ ਨਾਲ ਮੀਟਿੰਗ ਨਹੀਂ ਕਰ ਸਕੇ। ਪਹਿਲਾਂ ਕਿਸਾਨ ਜਥੇਬੰਦੀਆਂ ਦੇ ਮੈਂਬਰਾਂ ਵੱਲੋਂ ਮੀਟਿੰਗ ਵਿੱਚ ਆਉਣ ਤੋਂ ਇਨਕਾਰ ਕਰਨ ’ਤੇ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਪਰ ਬਾਅਦ ਵਿੱਚ ਰੱਦ ਕਰ ਦਿੱਤਾ ਗਿਆ। ਕਮੇਟੀ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੂੰ 4 ਜਨਵਰੀ ਨੂੰ ਮੀਟਿੰਗ ਲਈ ਸੱਦਾ ਦਿੱਤਾ ਹੈ। ਹੁਣ ਉਗਰਾਹਾ ਨਾਲ ਜੁੜੇ ਕਿਸਾਨਾਂ ਨੇ ਵੀ ਇਨਕਾਰ ਕਰ ਦਿੱਤਾ।
ਦੱਸ ਦਈਏ ਕਿ ਡੱਲੇਵਾਲ ਕੈਂਸਰ ਦੇ ਮਰੀਜ਼ ਹਨ। ਭੁੱਖੇ ਰਹਿਣ ਕਾਰਨ ਉਹ ਆਪਣੀ ਦਵਾਈ ਵੀ ਨਹੀਂ ਲੈ ਪਾ ਰਹੇ ਹਨ, ਜਿਸ ਕਾਰਨ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੀਵਰ ਅਤੇ ਕਿਡਨੀ ਦੇ ਟੈਸਟ ਲਗਾਤਾਰ ਵਿਗੜ ਰਹੇ ਹਨ। ਉਨ੍ਹਾਂ ਦੀ ਹਾਲਤ ਕਾਫੀ ਨਾਸਾਜ਼ ਹੈ।
ਪੁਲਸ ਹਾਈ ਅਲਰਟ 'ਤੇ
ਕਿਸਾਨਾਂ ਦੀ ਮਹਾਪੰਚਾਇਤ ਦੇ ਮੱਦੇਨਜ਼ਰ ਹਰਿਆਣਾ ਪੁਲਸ ਹਾਈ ਅਲਰਟ ਉਤੇ ਹੈ। ਬੀਐਨਐਸ ਦੀ ਧਾਰਾ 163 (ਪਹਿਲਾਂ ਆਈਪੀਸੀ ਦੀ ਧਾਰਾ 144) ਜ਼ਿਲ੍ਹੇ ਵਿੱਚ ਲਾਗੂ ਕੀਤੀ ਗਈ ਹੈ।
ਸਰਹੱਦ 'ਤੇ ਪੁਲਸ ਅਤੇ ਅਰਧ ਸੈਨਿਕ ਬਲਾਂ ਦੀਆਂ 21 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਇੱਥੇ 21 ਡੀ.ਐਸ.ਪੀਜ਼ ਵੀ ਡਿਊਟੀ 'ਤੇ ਹੋਣਗੇ। ਹਰਿਆਣਾ ਪੁਲਸ ਨੇ ਨਰਵਾਣਾ ਤੋਂ ਪੰਜਾਬ ਵਾਇਆ ਗੜ੍ਹੀ ਨੂੰ ਜਾਣ ਵਾਲਾ ਰਸਤਾ ਵੀ ਬੰਦ ਕਰ ਦਿੱਤਾ ਹੈ। ਮਹਾਪੰਚਾਇਤ ਤੋਂ ਬਾਅਦ ਦਿੱਲੀ ਵੱਲ ਮਾਰਚ ਕਰਨ ਦੀਆਂ ਕੋਸ਼ਿਸ਼ਾਂ 'ਤੇ ਵੀ ਪੁਲਸ ਨਜ਼ਰ ਰੱਖ ਰਹੀ ਹੈ।