ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (IGI) ਨੂੰ ਪਰਮਾਣੂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਦਿੱਲੀ ਪੁਲਿਸ ਨੇ ਸੋਮਵਾਰ (8 ਅਪ੍ਰੈਲ) ਨੂੰ ਇਹ ਜਾਣਕਾਰੀ ਦਿੱਤੀ। ਪੁਲਿਸ ਨੇ ਦੱਸਿਆ ਕਿ 5 ਅਪ੍ਰੈਲ ਨੂੰ ਦਿੱਲੀ ਦੇ ਆਈਜੀਆਈ ਹਵਾਈ ਅੱਡੇ 'ਤੇ ਜਹਾਜ਼ 'ਚ ਸਵਾਰ ਹੋਣ ਤੋਂ ਪਹਿਲਾਂ ਯਾਤਰੀਆਂ ਦੀ ਤਲਾਸ਼ੀ ਲਈ ਜਾ ਰਹੀ ਸੀ। ਇਸ ਦੌਰਾਨ ਦੋ ਯਾਤਰੀਆਂ ਨੇ ਸੁਰੱਖਿਆ ਕਰਮਚਾਰੀਆਂ ਨੂੰ ਹਵਾਈ ਅੱਡੇ ਨੂੰ ਪ੍ਰਮਾਣੂ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ।
2 ਦੋਸ਼ੀ ਗ੍ਰਿਫਤਾਰ
ਦੱਸ ਦਈਏ ਕਿ ਆਈਜੀਆਈ ਪੁਲਿਸ ਨੇ ਏਅਰਪੋਰਟ ਨੂੰ ਉਡਾਉਣ ਦੀ ਧਮਕੀ ਦੇਣ ਵਾਲੇ ਦੋ ਯਾਤਰੀਆਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਲੋਕਾਂ ਖਿਲਾਫ ਦਿੱਲੀ ਏਅਰਪੋਰਟ ਪੁਲਿਸ ਸਟੇਸ਼ਨ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੁਲਿਸ ਨੇ ਦੱਸਿਆ ਕਿ ਦੋਵਾਂ ਯਾਤਰੀਆਂ ਨੂੰ ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਦਿੱਲੀ ਪੁਲਿਸ ਨੇ ਅੱਗੇ ਦੱਸਿਆ ਕਿ ਦੋਵਾਂ ਖਿਲਾਫ ਹਵਾਈ ਅੱਡਾ ਪੁਲਿਸ ਸਟੇਸ਼ਨ 'ਚ ਧਾਰਾ 182/505(1)ਬੀ ਤਹਿਤ ਐੱਫ.ਆਈ.ਆਰ.ਦਰਜ ਕੀਤੀ ਗਈ ਹੈ। ਹਾਲਾਂਕਿ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਦਿੱਲੀ ਪੁਲਿਸ ਅਲਰਟ ਹੋ ਗਈ ਹੈ। IGI ਹਵਾਈ ਅੱਡਾ ਦੇਸ਼ ਦੇ ਸਭ ਤੋਂ ਵਿਅਸਤ ਹਵਾਈ ਅੱਡਿਆਂ ਵਿੱਚੋਂ ਇੱਕ ਹੈ ਤੇ ਦੁਨੀਆ ਦੇ ਕਈ ਵੱਡੇ ਸ਼ਹਿਰਾਂ ਨੂੰ ਰਾਜਧਾਨੀ ਨਾਲ ਜੋੜਦਾ ਹੈ।
ਫਰਵਰੀ ਵਿਚ ਵੀ ਮਿਲੀ ਸੀ ਧਮਕੀ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਫਰਵਰੀ ਮਹੀਨੇ 'ਚ ਦਿੱਲੀ ਏਅਰਪੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ। ਇਸ ਦੌਰਾਨ ਇੱਕ ਵਿਅਕਤੀ ਨੇ ਫੋਨ ਕਰਕੇ ਧਮਕੀ ਦਿੱਤੀ ਸੀ। ਹਾਲਾਂਕਿ ਪੁਲਿਸ ਜਾਂਚ ਤੋਂ ਬਾਅਦ ਪਤਾ ਲੱਗਾ ਕਿ ਇਹ ਧਮਕੀ ਅਫਵਾਹ ਸੀ।