ਜਲੰਧਰ 'ਚ ਪੁਲਿਸ ਨੇ ਗੈਂਗਸਟਰ ਜੋਨਾ ਦੇ ਤਿੰਨ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਬਦਮਾਸ਼ਾਂ ਕੋਲੋਂ ਨਾਜਾਇਜ਼ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਜੋਨਾ ਨੂੰ ਅਪਰਾਧ ਕਰਨ ਦੇ ਹੁਕਮ ਗੈਂਗਸਟਰ ਪੰਮਾ ਵਿਦੇਸ਼ 'ਚ ਬੈਠ ਕੇ ਦਿੰਦਾ ਸੀ। ਇਸ ਸਮੇਂ ਜੋਨਾ ਕਪੂਰਥਲਾ ਜੇਲ੍ਹ ਵਿੱਚ ਬੰਦ ਹੈ।
ਚੈਕਿੰਗ ਦੌਰਾਨ ਕੀਤਾ ਕਾਬੂ
ਇਸੇ ਦੌਰਾਨ ਐਸਐਸਪੀ ਹਰਕਮਲ ਪ੍ਰੀਤ ਸਿੰਘ ਖੱਖ ਦਾ ਕਹਿਣਾ ਹੈ ਕਿ ਥਾਣਾ ਲੋਹੀਆਂ ਦੀ ਪੁਲਸ ਨੇ ਟੋਲ ਪਲਾਜ਼ਾ ਹਾਈਟੈਕ ਵਿਖੇ ਨਾਕਾਬੰਦੀ ਦੌਰਾਨ ਇੱਕ ਕਾਰ (ਪੀਬੀ-65-ਐਚ-9100) ਨੂੰ ਆਉਂਦੀ ਦੇਖੀ। ਜਿਸ ਵਿੱਚ ਤਿੰਨ ਨੌਜਵਾਨ ਸਵਾਰ ਸਨ। ਮੁਲਜ਼ਮਾਂ ਕੋਲੋਂ 32 ਬੋਰ ਦੇ ਦੋ ਪਿਸਤੌਲ, 6 ਜਿੰਦਾ ਰੌਂਦ ਅਤੇ ਮੈਗਜ਼ੀਨ ਬਰਾਮਦ ਹੋਏ ਹਨ।
ਮੁਲਜ਼ਮ ਦੀ ਹੋਈ ਪਛਾਣ
ਜਾਣਕਾਰੀ ਅਨੁਸਾਰ ਮੁਲਜ਼ਮਾਂ ਦੀ ਪਛਾਣ ਅਮਨਦੀਪ ਸਿੰਘ ਉਰਫ਼ ਅਮਨ ਵਾਸੀ ਪਿੰਡ ਬਿੱਲੀ ਬੜੈਚ, ਸ਼ਾਹਕੋਟ (ਜਲੰਧਰ), ਜਗਵਿੰਦਰ ਸਿੰਘ ਉਰਫ਼ ਸ਼ਨੀ ਵਾਸੀ ਪਿੰਡ ਮੂਲੇਵਾਲ ਖਹਿਰਾ, ਸ਼ਾਹਰਕੋਟ (ਜਲੰਧਰ) ਅਤੇ ਜਸਕਰਨ ਸਿੰਘ ਉਰਫ਼ ਸਾਰਾ ਉਰਫ਼ ਜਸਵਾਸੀ ਪਿੰਡ ਸਿੱਧਵਾ (ਕਪੂਰਥਲਾ) ਵਜੋਂ ਹੋਈ ਹੈ।
ਪੁਲਿਸ ਨੇ ਕੇਸ ਕੀਤਾ ਦਰਜ
ਦੱਸਿਆ ਜਾ ਰਿਹਾ ਹੈ ਕਿ ਸ਼ਰਾਰਤੀ ਅਨਸਰਾਂ ਖਿਲਾਫ ਥਾਣਾ ਲੋਹੀਆ ਖਾਸ 'ਚ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜਲਦ ਹੀ ਪੁਲਸ ਤਿੰਨਾਂ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕਰੇਗੀ ਕਿ ਦੋਸ਼ੀ ਕਿਹੜੇ ਅਪਰਾਧ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ।