ਸੋਮਵਾਰ, ੩ ਮੱਘਰ (ਸੰਮਤ ੫੫੬ ਨਾਨਕਸ਼ਾਹੀ)
ਜੈਤਸਰੀ ਮਹਲਾ ੫ ਘਰੁ ੨ ਛੰਤ
ੴ ਸਤਿਗੁਰ ਪ੍ਰਸਾਦਿ॥ ਸਲੋਕੁ॥
ਊਚਾ ਅਗਮ ਅਪਾਰ ਪ੍ਰਭੁ ਕਥਨੁ ਨ ਜਾਇ ਅਕਥੁ ॥ ਨਾਨਕ ਪ੍ਰਭ ਸਰਣਾਗਤੀ ਰਾਖਨ ਕਉ ਸਮਰਥੁ ॥੧॥ ਛੰਤੁ ॥ ਜਿਉ ਜਾਨਹੁ ਤਿਉ ਰਾਖੁ ਹਰਿ ਪ੍ਰਭ ਤੇਰਿਆ॥ ਕੇਤੇ ਗਨਉ ਅਸੰਖ ਅਵਗਣ ਮੇਰਿਆ ॥ ਅਸੰਖ ਅਵਗਣ ਖਤੇ ਫੇਰੇ ਨਿਤਪ੍ਰਤਿ ਸਦ ਭੂਲੀਐ ॥ ਮੋਹ ਮਗਨ ਬਿਕਰਾਲ ਮਾਇਆ ਤਉ ਪ੍ਰਸਾਦੀ ਘੂਲੀਐ ॥ ਲੂਕ ਕਰਤ ਬਿਕਾਰ ਬਿਖੜੇ ਪ੍ਰਭ ਨੇਰ ਹੂ ਤੇ ਨੇਰਿਆ ॥ ਬਿਨਵੰਤਿ ਨਾਨਕ ਦਇਆ ਧਾਰਹੁ ਕਾਢਿ ਭਵਜਲ ਫੇਰਿਆ ॥੧॥ ਸਲੋਕੁ ॥ ਨਿਰਤਿ ਨ ਪਵੈ ਅਸੰਖ ਗੁਣ ਊਚਾ ਪ੍ਰਭ ਕਾ ਨਾਉ ॥ ਨਾਨਕ ਕੀ ਬੇਨੰਤੀਆ ਮਿਲੈ ਨਿਥਾਵੇ ਥਾਉ ॥੨॥ ਛੰਤੁ ॥ ਦੂਸਰ ਨਾਹੀ ਠਾਉ ਕਾ ਪਹਿ ਜਾਈਐ ॥ ਆਠ ਪਹਰ ਕਰ ਜੋੜਿ ਸੋ ਪ੍ਰਭੁ ਧਿਆਈਐ ॥ ਧਿਆਇ ਸੋ ਪ੍ਰਭੁ ਸਦਾ ਅਪੁਨਾ ਮਨਹਿ ਚਿੰਦਿਆ ਪਾਈਐ ॥ ਤਜਿ ਮਾਨ ਮੋਹੁ ਵਿਕਾਰੁ ਦੂਜਾ ਏਕ ਸਿਉ ਲਿਵ ਲਾਈਐ ॥ ਅਰਪਿ ਮਨੁ ਤਨੁ ਪ੍ਰਭੂ ਆਗੈ ਆਪੁ ਸਗਲ ਮਿਟਾਈਐ ॥ ਬਿਨਵੰਤਿ ਨਾਨਕੁ ਧਾਰਿ ਕਿਰਪਾ ਸਾਚਿ ਨਾਮਿ ਸਮਾਈਐ ॥੨॥ ਸਲੋਕੁ ॥ ਰੇ ਮਨ ਤਾ ਕਉ ਧਿਆਈਐ ਸਭ ਬਿਧਿ ਜਾ ਕੈ ਹਾਥਿ ॥ ਰਾਮ ਨਾਮ ਧਨੁ ਸੰਚੀਐ ਨਾਨਕ ਨਿਬਹੈ ਸਾਥਿ ॥੩॥ ਛੰਤੁ ॥ ਸਾਥੀਅੜਾ ਪ੍ਰਭੁ ਏਕੁ ਦੂਸਰ ਨਾਹਿ ਕੋਇ ॥ ਥਾਨ ਥਨੰਤਰਿ ਆਪਿ ਜਲਿ ਥਲਿ ਪੂਰ ਸੋਇ ॥ ਜਲਿ ਥਲਿ ਮਹੀਅਲਿ ਪੂਰਿ ਰਹਿਆ ਸਰਬ ਦਾਤਾ ਪ੍ਰਭੁ ਧਨੀ ॥ ਗੋਪਾਲ ਗੋਬਿੰਦ ਅੰਤੁ ਨਾਹੀ ਬੇਅੰਤ ਗੁਣ ਤਾ ਕੇ ਕਿਆ ਗਨੀ ॥ ਭਜੁ ਸਰਣਿ ਸੁਆਮੀ ਸੁਖਹ ਗਾਮੀ ਤਿਸੁ ਬਿਨਾ ਅਨ ਨਾਹਿ ਕੋਇ ॥ ਬਿਨਵੰਤਿ ਨਾਨਕ ਦਇਆ ਧਾਰਹੁ ਤਿਸੁ ਪਰਾਪਤਿ ਨਾਮੁ ਹੋਇ ॥੩॥ ਸਲੋਕੁ ॥ ਚਿਤਿ ਜਿ ਚਿਤਵਿਆ ਸੋ ਮੈ ਪਾਇਆ ॥ ਨਾਨਕ ਨਾਮੁ ਧਿਆਇ ਸੁਖ ਸਬਾਇਆ ॥੪॥ ਛੰਤੁ ॥ ਅਬ ਮਨੁ ਛੂਟਿ ਗਇਆ ਸਾਧੂ ਸੰਗਿ ਮਿਲੇ ॥ ਗੁਰਮੁਖਿ ਨਾਮੁ ਲਇਆ ਜੋਤੀ ਜੋਤਿ ਰਲੇ ॥ ਹਰਿ ਨਾਮੁ ਸਿਮਰਤ ਮਿਟੇ ਕਿਲਬਿਖ ਬੁਝੀ ਤਪਤਿ ਅਘਾਨਿਆ ॥ ਗਹਿ ਭੁਜਾ ਲੀਨੇ ਦਇਆ ਕੀਨੇ ਆਪਨੇ ਕਰਿ ਮਾਨਿਆ ॥ ਲੈ ਅੰਕਿ ਲਾਏ ਹਰਿ ਮਿਲਾਏ ਜਨਮ ਮਰਣਾ ਦੁਖ ਜਲੇ ॥ ਬਿਨਵੰਤਿ ਨਾਨਕ ਦਇਆ ਧਾਰੀ ਮੇਲਿ ਲੀਨੇ ਇਕ ਪਲੇ ॥੪॥੨॥
( ਵਿਆਖਿਆ )
ਹੇ ਨਾਨਕ! (ਆਖ) ਹੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ, ਤੂੰ ਸਰਨ ਆਏ ਦੀ ਰੱਖਿਆ ਕਰਨ ਦੀ ਤਾਕਤ ਰੱਖਦਾ ਹੈਂ। ਹੇ ਸਭ ਤੋਂ ਉੱਚੇ! ਹੇ ਅਪਹੁੰਚ! ਹੇ ਬੇਅੰਤ! ਤੂੰ ਸਭ ਦਾ ਮਾਲਕ ਹੈਂ, ਤੇਰਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਬਿਆਨ ਤੋਂ ਪਰੇ ਹੈ ।੧। ਛੰਤੁ । ਹੇ ਹਰੀ! ਹੇ ਪ੍ਰਭੂ! ਮੈਂ ਤੇਰਾ ਹਾਂ, ਜਿਵੇਂ ਜਾਣੋਂ ਤਿਵੇਂ ਮਾਇਆ ਦੇ ਮੋਹ ਤੋਂ ਮੇਰੀ ਰੱਖਿਆ ਕਰ। ਮੈਂ ਆਪਣੇ ਕਿਤਨੇ ਕੁ ਔਗਣ ਗਿਣਾਂ ? ਮੇਰੇ ਅੰਦਰ ਅਣਗਿਣਤ ਔਗਣ ਹਨ। ਹੇ ਪ੍ਰਭੂ ! ਮੇਰੇ ਅਣਿਗਣਤ ਹੀ ਔਗਣ ਹਨ, ਪਾਪਾਂ ਦੇ ਗੇੜਾਂ ਵਿਚ ਫਸਿਆ ਰਹਿੰਦਾ ਹਾਂ, ਨਿੱਤ ਹੀ ਸਦਾ ਹੀ ਉਕਾਈ ਖਾ ਜਾਈਦੀ ਹੈ। ਭਿਆਨਕ ਮਾਇਆ ਦੇ ਮੋਹ ਵਿਚ ਮਸਤ ਰਹੀਦਾ ਹੈ, ਤੇਰੀ ਕਿਰਪਾ ਨਾਲ ਹੀ ਬਚ ਸਕੀਦਾ ਹੈ। ਅਸੀਂ ਜੀਵ ਦੁਖਦਾਈ ਵਿਕਾਰ ਆਪਣੇ ਵਲੋਂ ਪਰਦੇ ਵਿਚ ਕਰਦੇ ਹਾਂ, ਪਰ, ਹੇ ਪ੍ਰਭੂ! ਤੂੰ ਸਾਡੇ ਨੇੜੇ ਤੋਂ ਨੇੜੇ ਸਾਡੇ ਨਾਲ ਹੀ ਵੱਸਦਾ ਹੈਂ। ਨਾਨਕ ਬੇਨਤੀ ਕਰਦਾ ਹੈ ਹੇ ਪ੍ਰਭੂ! ਸਾਡੇ ਉਤੇ ਮੇਹਰ ਕਰ, ਸਾਨੂੰ ਜੀਵਾਂ ਨੂੰ ਸੰਸਾਰ-ਸਮੁੰਦਰ ਦੇ ਵਿਕਾਰਾਂ ਦੇ ਗੇੜ ਵਿਚੋਂ ਕੱਢ ਲੈ ।੧। ਹੇ ਭਾਈ! ਪਰਮਾਤਮਾ ਦੇ ਅਣਗਿਣਤ ਗੁਣਾਂ ਦਾ ਨਿਰਨਾ ਨਹੀਂ ਹੋ ਸਕਦਾ, ਉਸ ਦਾ ਨਾਮਣਾ (ਵਡੱਪਨ) ਸਭ ਤੋਂ ਉੱਚਾ ਹੈ। ਨਾਨਕ ਦੀ ਉਸੇ ਦੇ ਦਰ ਤੇ ਹੀ ਅਰਦਾਸ ਹੈ ਕਿ ਮੈਨੂੰ ਨਿਆਸਰੇ ਨੂੰ ਉਸ ਦੇ ਚਰਨਾਂ ਵਿਚ ਥਾਂ ਮਿਲ ਜਾਏ ।੨। ਛੰਤੁ । ਹੇ ਭਾਈ! ਅਸਾਂ ਜੀਵਾਂ ਵਾਸਤੇ ਪਰਮਾਤਮਾ ਤੋਂ ਬਿਨਾ ਕੋਈ ਹੋਰ ਥਾਂ ਨਹੀਂ ਹੈ, ਪਰਮਾਤਮਾ ਦਾ ਦਰ ਛੱਡ ਕੇ ਅਸੀਂ ਕਿਸ ਦੇ ਪਾਸ ਜਾ ਸਕਦੇ ਹਾਂ ? ਦੋਵੇਂ ਹੱਥ ਜੋੜ ਕੇ ਅੱਠੇ ਪਹਰ (ਹਰ ਵੇਲੇ) ਪ੍ਰਭੂ ਦਾ ਧਿਆਨ ਧਰਨਾ ਚਾਹੀਦਾ ਹੈ। ਹੇ ਭਾਈ! ਆਪਣੇ ਉਸ ਪ੍ਰਭੁ ਦਾ ਧਿਆਨ ਧਰ ਕੇ ਉਸ ਦੇ ਦਰ ਤੋਂ ਮਨ-ਮੰਗੀ ਮੁਰਾਦ ਹਾਸਲ ਕਰ ਲਈਦੀ ਹੈ। ਆਪਣੇ ਅੰਦਰੋਂ ਅਹੰਕਾਰ, ਮੋਹ, ਅਤੇ ਕੋਈ ਹੋਰ ਆਸਰਾ ਭਾਲਣ ਦਾ ਭੈੜ ਤਿਆਗ ਕੇ ਇਕ ਪਰਮਾਤਮਾ ਦੇ ਚਰਨਾਂ ਨਾਲ ਹੀ ਸੁਰਤਿ ਜੋੜਨੀ ਚਾਹੀਦੀ ਹੈ। ਹੇ ਭਾਈ! ਪ੍ਰਭੂ ਦੀ ਹਜ਼ੂਰੀ ਵਿਚ ਆਪਣਾ ਮਨ ਆਪਣਾ ਸਰੀਰ ਭੇਟਾ ਕਰ ਕੇ ਆਪਣੇ ਅੰਦਰੋਂ ਸਾਰਾ ਆਪਾ-ਭਾਵ ਮਿਟਾ ਦੇਣਾ ਚਾਈਦਾ ਹੈ। ਨਾਨਕ ਤਾਂ ਪ੍ਰਭੂ ਦੇ ਦਰ ਤੇ ਹੀ ਬੇਨਤੀ ਕਰਦਾ ਹੈ ਤੇ ਆਖਦਾ ਹੈ – ਹੇ ਪ੍ਰਭੂ! ਮੇਹਰ ਕਰ ਤੇਰੀ ਮੇਹਰ ਨਾਲ ਹੀ ਤੇਰੇ ਸਦਾ ਥਿਰ ਰਹਿਣ ਵਾਲੇ ਨਾਮ ਵਿਚ ਲੀਨ ਹੋ ਸਕੀਦਾ ਹੈ ।੨। ਹੇ ਮੇਰੇ ਮਨ! ਜਿਸ ਪਰਮਾਤਮਾ ਦੇ ਹੱਥ ਵਿਚ ਸਾਡੀ ਹਰੇਕ ਜੀਵਨ ਜੁਗਤਿ ਹੈ, ਉਸ ਦਾ ਨਾਮ ਸਿਮਰਨਾ ਚਾਹੀਦਾ ਹੈ। ਹੇ ਨਾਨਕ! ਪਰਮਾਤਮਾ ਦਾ ਨਾਮ-ਧਨ ਇਕੱਠਾ ਕਰਨਾ ਚਾਹੀਦਾ ਹੈ, ਇਹੀ ਧਨ ਸਾਡੇ ਨਾਲ ਸਾਥ ਕਰਦਾ ਹੈ ।੩। ਛੰਤੁ । ਹੇ ਭਾਈ! ਸਿਰਫ਼ ਪਰਮਾਤਮਾ ਹੀ ਸਦਾ ਨਾਲ ਨਿਭਣ ਵਾਲਾ ਸਾਥੀ ਹੈ, ਉਸ ਤੋਂ ਬਿਨਾਂ ਹੋਰ ਕੋਈ ਸਾਥੀ ਨਹੀਂ। ਉਹੀ ਪਰਮਾਤਮਾ ਪਾਣੀ ਵਿਚ ਧਰਤੀ ਵਿਚ ਹਰੇਕ ਥਾਂ ਵਿਚ ਵੱਸ ਰਿਹਾ ਹੈ। ਹੇ ਭਾਈ! ਉਹ ਮਾਲਕ-ਪ੍ਰਭੂ ਪਾਣੀ ਵਿਚ ਧਰਤੀ ਵਿਚ ਆਕਾਸ਼ ਵਿਚ ਵਿਆਪ ਰਿਹਾ ਹੈ, ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ। ਉਸ ਗੋਪਾਲ ਗੋਬਿੰਦ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਉਸ ਦੇ ਗੁਣ ਬੇਅੰਤ ਹਨ, ਮੈਂ ਉਸ ਦੇ ਗੁਣ ਕੀ ਗਿਣ ਸਕਦਾਂ ਹਾਂ ? ਹੇ ਭਾਈ! ਉਸ ਮਾਲਕ ਦੀ ਸਰਨ ਪਿਆ ਰਹੁ, ਉਹ ਹੀ ਸਾਰੇ ਸੁਖ ਅਪੜਾਣ ਵਾਲਾ ਹੈ। ਉਸ ਤੋਂ ਬਿਨਾ ਅਸਾਂ ਜੀਵਾਂ ਦਾ ਹੋਰ ਕੋਈ ਸਹਾਰਾ ਨਹੀਂ ਹੈ । ਨਾਨਕ ਬੇਨਤੀ ਕਰਦਾ ਹੈ – ਹੇ ਪ੍ਰਭੂ! ਜਿਸ ਉਤੇ ਤੂੰ ਮੇਹਰ ਕਰਦਾ ਹੈਂ ਉਸ ਨੂੰ ਤੇਰਾ ਨਾਮ ਹਾਸਲ ਹੋ ਜਾਂਦਾ ਹੈ ।੩। ਹੇ ਨਾਨਕ! ਆਖ- ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਿਆ ਕਰ, ਉਸ ਦੇ ਦਰ ਤੋਂ ਸਾਰੇ ਸੁਖ ਮਿਲ ਜਾਂਦੇ ਹਨ, ਮੈਂ ਤਾਂ ਜੇਹੜੀ ਭੀ ਮੰਗ ਆਪਣੇ ਚਿੱਤ ਵਿਚ ਉਸ ਪਾਸੋਂ ਮੰਗੀ ਹੈ, ਉਹ ਮੈਨੂੰ ਸਦਾ ਮਿਲ ਗਈ ਹੈ ।੪। ਛੰਤ। ਹੇ ਭਾਈ! ਗੁਰੂ ਦੀ ਸੰਗਤਿ ਵਿਚ ਮਿਲ ਕੇ ਹੁਣ ਮੇਰਾ ਮਨ ਮਾਇਆ ਦੇ ਮੋਹ ਤੋਂ ਸੁਤੰਤਰ ਹੋ ਗਿਆ ਹੈ। ਜਿੰਨਾਂ ਨੇ ਭੀ ਗੁਰੁੂ ਦੀ ਸ਼ਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਹਨਾਂ ਦੀ ਜਿੰਦ ਪਰਮਾਤਮਾ ਦੀ ਜੋਤੀ ਵਿਚ ਲੀਨ ਰਹਿੰਦੀ ਹੈ। ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਿਆਂ ਸਾਰੇ ਪਾਪ ਮਿਟ ਜਾਂਦੇ ਹਨ, ਵਿਕਾਰਾਂ ਦੀ ਸੜਨ ਮੁੱਕ ਜਾਂਦੀ ਹੈ,ਮਨ ਮਾਇਆ ਵੱਲੋਂ ਰੱਜ ਜਾਂਦਾ ਹੈ । ਜਿਨ੍ਹਾਂ ਉੱਤੇ ਪ੍ਰਭੂ ਦਯਾ ਕਰਦਾ ਹੈ, ਜਿੰਨਾ ਦੀ ਬਾਂਹ ਫੜ ਕੇ ਆਪਣੇ ਬਣਾ ਲੈਂਦਾ ਹੈ, ਤੇ, ਆਦਰ ਦੇਂਦਾ ਹੈ, ਜਿੰਨਾਂ ਨੂੰ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ਆਪਣੇ ਨਾਲ ਮਿਲਾ ਲੈਂਦਾ ਹੈ, ਉਹਨਾਂ ਦੇ ਜਨਮ ਮਰਨ ਦੇ ਸਾਰੇ ਦੁੱਖ ਸੜ ਕੇ ਸੁਆਹ ਹੋ ਜਾਂਦੇ ਹਨ। ਨਾਨਕ ਬੇਨਤੀ ਕਰਦਾ ਹੈ ਹੇ ਭਾਈ! ਜਿੰਨਾਂ ਉਤੇ ਪ੍ਰਭੂ ਮੇਹਰ ਕਰਦਾ ਹੈ, ਉਹਨਾਂ ਨੂੰ ਇਕ ਪਲ ਵਿਚ ਆਪਣੇ ਨਾਲ ਮਿਲਾ ਲੈਂਦਾ ਹੈ ।੪।੨।