ਲੋਕ ਸਭਾ ਚੋਣਾਂ 2024 ਲਈ ਬਹੁਤਾ ਸਮਾਂ ਨਹੀਂ ਬਚਿਆ ਹੈ। ਇਸ ਦੇ ਨਾਲ ਹੀ ਜਲੰਧਰ ਦੇ ਹੋਟਲਾਂ ਅਤੇ ਰੈਸਟੋਰੈਂਟਾਂ ਨੇ ਨੌਜਵਾਨ ਵੋਟਰਾਂ ਖਾਸ ਕਰਕੇ 'ਪਹਿਲੀ ਵਾਰ ਵੋਟਰਾਂ' ਲਈ ਅਹਿਮ ਫੈਸਲਾ ਲਿਆ ਹੈ। ਚੋਣਾਂ ਦੌਰਾਨ, ਸ਼ਹਿਰ ਦੇ ਹੋਟਲਾਂ ਅਤੇ ਰੈਸਟੋਰੈਂਟਾਂ ਵਿੱਚ 25% ਦੀ ਛੋਟ ਦੇ ਨਾਲ ਆਪਣੇ ਮਨਪਸੰਦ ਭੋਜਨ ਦਾ ਆਨੰਦ ਲੈ ਸਕਦੇ ਹੋ।
ਇਹ ਫੈਸਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨੌਜਵਾਨ ਵੋਟਰਾਂ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੇ ਸਮਰਥਨ ਵਿੱਚ ਲਿਆ ਗਿਆ ਹੈ, ਜੋ ਕਿ ਸ਼ਹਿਰ ਦੇ ਹੋਟਲ/ਰੈਸਟੋਰੈਂਟ ਮਾਲਕਾਂ/ਪ੍ਰਬੰਧਕਾਂ ਨੇ ਆਪਣੀ ਮਰਜ਼ੀ ਨਾਲ ਭੋਜਨ 'ਤੇ 25 % ਛੋਟ ਦੇਣ ਦਾ ਫੈਸਲਾ ਕੀਤਾ ਹੈ।
ਫਰਸਟ ਟਾਈਮ ਵੋਟਰ ਹੋਣਗੇ ਉਤਸ਼ਾਹਿਤ
ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਡਾ: ਹਿਮਾਂਸ਼ੂ ਅਗਰਵਾਲ ਨੇ ਹੋਟਲ ਅਤੇ ਰੈਸਟੋਰੈਂਟ ਮਾਲਕਾਂ ਨਾਲ ਮੀਟਿੰਗ ਕੀਤੀ | ਇਸ ਦੌਰਾਨ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਵੀ ਕੀਤੀ ਗਈ। ਡੀ ਸੀ ਨੇ ਕਿਹਾ ਕਿ ਇਹ ਕਦਮ ਨੌਜਵਾਨ ਵੋਟਰਾਂ, ਖਾਸ ਕਰਕੇ 'ਪਹਿਲੀ ਵਾਰ ਵੋਟਰਾਂ' ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰੇਗਾ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕ ਸਭਾ ਚੋਣਾਂ 2024 ਦੌਰਾਨ ਵੱਧ ਤੋਂ ਵੱਧ ਵੋਟਰਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾ ਕੇ 70 ਫੀਸਦੀ ਵੋਟਿੰਗ ਦੇ ਟੀਚੇ ਦੀ ਪ੍ਰਾਪਤੀ ਲਈ ਵੱਡੇ ਪੱਧਰ 'ਤੇ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਖਾਸ ਕਰਕੇ ਨੌਜਵਾਨ ਵੋਟਰਾਂ ਵਿੱਚ ਵੋਟਰ ਜਾਗਰੂਕਤਾ ਵਧਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।
18 ਤੋਂ 19 ਸਾਲ ਦੇ ਕਰੀਬ 40 ਹਜ਼ਾਰ ਨੌਜਵਾਨ ਵੋਟਰ
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 18-19 ਸਾਲ ਦੀ ਉਮਰ ਦੇ 40 ਹਜ਼ਾਰ ਦੇ ਕਰੀਬ ਨੌਜਵਾਨ ਵੋਟਰ ਹਨ, ਜਿਨ੍ਹਾਂ ਨੂੰ ਵੋਟ ਬਣਾਉਣ ਲਈ ਪ੍ਰੇਰਿਤ ਕਰਨ ਲਈ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੋਟਲ, ਰੈਸਟੋਰੈਂਟ ਮਾਲਕਾਂ ਅਤੇ ਪ੍ਰਬੰਧਕਾਂ ਵੱਲੋਂ ਕੀਤਾ ਗਿਆ ਇਹ ਉਪਰਾਲਾ ਚੋਣਾਂ ਵਿੱਚ ਨੌਜਵਾਨਾਂ ਦੀ ਸਰਗਰਮ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਵਿੱਚ ਸਹਾਈ ਸਿੱਧ ਹੋਵੇਗਾ।
ਸਿਆਹੀ ਦਾ ਨਿਸ਼ਾਨ ਦਿਖਾ ਕੇ ਛੋਟ ਪ੍ਰਾਪਤ ਕਰੋ
1 ਜੂਨ, 2024 ਨੂੰ ਵੋਟ ਪਾਉਣ ਤੋਂ ਬਾਅਦ, ਨੌਜਵਾਨ ਵੋਟਰ ਆਪਣੀ ਉਂਗਲੀ 'ਤੇ ਸਿਆਹੀ ਦਾ ਨਿਸ਼ਾਨ ਦਿਖਾ ਕੇ ਇਨ੍ਹਾਂ ਚੋਣਵੇਂ ਹੋਟਲਾਂ, ਰੈਸਟੋਰੈਂਟਾਂ, ਕੈਫੇ, ਬੇਕਰੀਆਂ ਆਦਿ ਵਿੱਚ ਖਾਣੇ 'ਤੇ 25 ਪ੍ਰਤੀਸ਼ਤ ਦੀ ਛੋਟ ਪ੍ਰਾਪਤ ਕਰ ਸਕਣਗੇ।
ਇਨ੍ਹਾਂ ਹੋਟਲਾਂ ਅਤੇ ਰੈਸਟੋਰੈਂਟਾਂ 'ਚ ਮਿਲੇਗੀ ਛੋਟ
ਮੋਕਾ ਕੈਫੇ ਐਂਡ ਬਾਰ, ਮੈਜੇਸਟਿਕ ਗ੍ਰੈਂਡ ਹਾਲ, ਸਕਾਈ ਲਾਰਕ ਹੋਟਲ, ਪਟਵਾਰੀ ਵੈਸ਼ਨੋ ਢਾਬਾ, ਪ੍ਰੈਜ਼ੀਡੈਂਟ ਨਿਊ ਕੋਰਟ, ਮੈਕਡੋਨਲ, ਪ੍ਰੈਜ਼ੀਡੈਂਟ ਹੋਟਲ, ਅੰਬੈਸਡਰ/ਪ੍ਰਾਈਮ, ਕੁਮਾਰ ਕੇਕ ਹਾਊਸ, ਏਜੀਆਈ ਇਨ, ਰੈਡੀਸਨ, ਡਬਲਯੂਜੇ ਗ੍ਰੈਂਡ, ਰਮਾਡਾ ਐਨਕੋਰ, ਰਮਾਡਾ ਜਲੰਧਰ ਸਿਟੀ ਸੈਂਟਰ, ਲਵਲੀ ਸਵੀਟਸ, ਹੋਟਲ ਡਾਊਨਟਾਊਨ, ਹੋਟਲ ਇਮਪੀਰੀਆ ਸਵੀਟਸ, ਹੋਟਲ ਇੰਦਰਪ੍ਰਸਥ, ਡੇਜ਼ ਹੋਟਲ, ਬਲੂਮ ਹੋਟਲ, ਆਈਟੀਸੀ ਫਾਰਚੂਨ, ਨਿਊ ਕੇਕ ਹਾਊਸ ਮਾਡਲ ਟਾਊਨ, ਪ੍ਰਕਾਸ਼ ਬੇਕਰੀ ਮਾਡਲ ਟਾਊਨ, ਕੁਕੂ ਬੇਕਰੀ ਕੇਕ ਸਰਕੂਲਰ ਰੋਡ, ਬੈਸਟ ਵੈਸਟਰਨ ਪਲੱਸ ਹੋਟਲ, ਸਰੋਵਰ ਪੋਰਟੀਕੋ, ਹਵੇਲੀ, ਮਾਇਆ ਹੋਟਲ, ਲਿਲੀ ਰਿਜ਼ੋਰਟ, ਫੂਡ ਬਜ਼ਾਰ, ਮੈਰੀਟਨ, ਫੈਂਸੀ ਬੇਕਰਜ਼, ਹੋਟਲ ਸਿਟਾਡਾਈਨਜ਼ ਦੇ ਮਾਲਕਾਂ/ਪ੍ਰਬੰਧਕਾਂ ਨੇ ਪ੍ਰਸ਼ਾਸਨ ਵੱਲੋਂ ਚਲਾਈ ਜਾ ਰਹੀ ਵੋਟਰ ਜਾਗਰੂਕਤਾ ਮੁਹਿੰਮ ਦਾ ਹਿੱਸਾ ਬਣਨ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਸਵੈ-ਇੱਛਾ ਨਾਲ ਵੋਟ ਪਾਉਣ ਵਾਲੇ ਨੌਜਵਾਨ ਵੋਟਰਾਂ ਦੀ ਸ਼ਲਾਘਾ ਕੀਤੀ। ਪੋਲਿੰਗ ਵਾਲੇ ਦਿਨ ਇਨ੍ਹਾਂ ਹੋਟਲ/ਰੈਸਟੋਰੈਂਟ ਵਿੱਚ ਖਾਣੇ 'ਤੇ 25% ਦੀ ਛੋਟ ਦਾ ਐਲਾਨ ਕੀਤਾ ਗਿਆ ਹੈ।