ਅੰਮ੍ਰਿਤਸਰ 'ਚ ਬੀਤੀ ਰਾਤ ਰਾਮਾਨੰਦ ਬਾਗ ਨੇੜੇ ਕੁਝ ਲੋਕਾਂ ਨੇ ਮਿਲ ਕੇ ਇਕ ਵਿਅਕਤੀ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਕਈ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ। ਪੀੜਤ ਦਾ ਕਹਿਣਾ ਹੈ ਕਿ ਉਸ 'ਤੇ ਤਲਵਾਰਾਂ ਅਤੇ ਕੜਿਆਂ ਨਾਲ ਹਮਲਾ ਕੀਤਾ ਗਿਆ। ਇਸ ਸਬੰਧੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਸਿਰ 'ਤੇ ਤਲਵਾਰਾਂ ਨਾਲ ਹਮਲਾ
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਰਵਿਸ਼ ਖੁੱਲਰ ਨੇ ਦੱਸਿਆ ਕਿ ਉਹ ਆਪਣੇ ਹੋਟਲ ਦੇ ਬਾਹਰ ਖੜ੍ਹਾ ਸੀ। ਇਸ ਦੌਰਾਨ ਉੱਥੇ ਮੌਜੂਦ ਕੁਝ ਲੋਕਾਂ ਨੇ ਬੋਲਣਾ ਸ਼ੁਰੂ ਕਰ ਦਿੱਤਾ। ਜਦੋਂ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਉਹ ਕੀ ਕਹਿ ਰਹੇ ਹਨ ਤਾਂ ਉਹ ਮੇਰੇ ਨਾਲ ਬਹਿਸ ਕਰਨ ਲੱਗੇ। ਤਕਰਾਰ ਤੋਂ ਬਾਅਦ ਉਸ ਦੇ ਨਾਲ ਦੇ ਲੋਕਾਂ ਨੇ ਮਿਲ ਕੇ ਮੇਰੇ ਨਾਲ ਧੱਕਾ-ਮੁੱਕੀ ਕੀਤੀ। ਇਨ੍ਹਾਂ ਸਾਰਿਆਂ ਨੇ ਮਿਲ ਕੇ ਮੇਰੇ ਸਿਰ 'ਤੇ ਤਲਵਾਰਾਂ ਅਤੇ ਕੜਿਆਂ ਨਾਲ ਵਾਰ ਕੀਤਾ।
20 ਤੋਂ 25 ਲੋਕਾਂ ਨੇ ਹਮਲਾ ਕੀਤਾ
ਇਸ ਘਟਨਾ 'ਚ ਜ਼ਖਮੀ ਹੋਏ ਮੁਕੇਸ਼ ਨੇ ਦੱਸਿਆ ਕਿ ਉਸ ਦਾ ਲੜਕਾ ਅਤੇ ਜਵਾਈ ਹੋਟਲ ਚਲਾਉਂਦੇ ਹਨ। ਅੱਧੀ ਰਾਤ ਨੂੰ ਪਤਾ ਲੱਗਾ ਕਿ ਲੜਾਈ ਹੋ ਗਈ ਹੈ। ਜਦੋਂ ਮੈਂ ਉਥੇ ਜਾ ਕੇ ਪਤਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਮੇਰੇ 'ਤੇ ਵੀ ਹਮਲਾ ਕਰ ਦਿੱਤਾ। ਉਨ੍ਹਾਂ ਨੇ ਮੇਰੇ ਸਿਰ 'ਤੇ ਤਲਵਾਰ ਨਾਲ ਵਾਰ ਕੀਤਾ ਅਤੇ ਮੇਰੇ ਮੂੰਹ 'ਤੇ ਵੀ ਹਮਲਾ ਕਰ ਦਿੱਤਾ। ਕਰੀਬ 20 ਤੋਂ 25 ਲੋਕਾਂ ਨੇ ਹਮਲਾ ਕੀਤਾ।
ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ
ਇਸ ਘਟਨਾ ਬਾਰੇ ਪੁਲਸ ਅਧਿਕਾਰੀ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਉਸ ਆਧਾਰ 'ਤੇ ਹੀ ਦੋਸ਼ੀਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ। ਅਸੀਂ ਇਸ ਮਾਮਲੇ 'ਤੇ ਬਣਦੀ ਕਾਰਵਾਈ ਕਰ ਰਹੇ ਹਾਂ।