ਖ਼ਬਰਿਸਤਾਨ ਨੈੱਟਵਰਕ:ਸਿਵਲ ਸਰਜਨ ਡਾ. ਗੁਰਮੀਤ ਲਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਜਲੰਧਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮਾਡਲ ਟਾਊਨ ਜਲੰਧਰ ਵਿਖੇ ਸੋਮਵਾਰ ਨੂੰ ਜਿਲ੍ਹਾ ਟੀਕਾਕਰਨ ਅਫਸਰ ਡਾ. ਰਾਕੇਸ਼ ਚੌਪੜਾ ਦੀ ਅਗਵਾਈ ਵਿੱਚ ਵਿਸ਼ਵ ਹੈਪੇਟਾਈਟਸ ਦਿਵਸ ਸੰਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਜਿਲ੍ਹਾ ਐਪੀਡਿਮੋਲੋਜਿਸਟ ਡਾ. ਸ਼ੋਭਨਾ ਬਾਸਲ, ਜਿਲ੍ਹਾਂ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਗੁਰਦੀਪ ਸਿੰਘ, ਪ੍ਰਿੰਸੀਪਲ ਸੰਗੀਤਾ ਭਾਟੀਆ, ਵਾਈਸ ਪ੍ਰਿੰਸੀਪਲ ਮੈਡਮ ਵਨੀਤਾ, ਅਧਿਆਪਕਾ ਗੁਰਦੀਪ ਕੌਰ, ਹੋਰ ਸਕੂਲ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।ਜਿਲ੍ਹਾ ਟੀਕਾਕਰਨ ਅਫਸਰ ਡਾ. ਰਾਕੇਸ਼ ਚੌਪੜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਸ਼ਵ ਹੈਪੇਟਾਈਟਸ ਦਿਵਸ ਹਰ ਸਾਲ 28 ਜੁਲਾਈ ਨੂੰ ਦੁਨੀਆਂ ਭਰ ਵਿੱਚ ਮਨਾਇਆ ਜਾਂਦਾ ਹੈ। ਇਸ ਵਾਰ ਇਸ ਦਿਵਸ ਨੂੰ "ਹੈਪਾਟਾਈਟਸ : ਲੈੱਟ ਅਸ ਬ੍ਰੇਕ ਇਟ ਡਾਊਨ" ਵਿਸ਼ੇ ਤਹਿਤ ਮਨਾਇਆ ਗਿਆ।

ਡਾ. ਰਾਕੇਸ਼ ਚੌਪੜਾ ਨੇ ਦੱਸਿਆ ਕਿ ਹੈਪੇਟਾਈਟਸ ਜਿਗਰ ਦੀ ਬੀਮਾਰੀ ਹੈ ਜੋ ਕਿ ਵਾਇਰਸ ਕਾਰਨ ਹੁੰਦੀ ਹੈ। ਹੈਪੇਟਾਈਟਸ ਪੰਜ ਤਰਾਂ ਦਾ ਹੁੰਦਾ ਹੈ ਜਿਸ ਵਿੱਚ ਹੈਪੇਟਾਈਟਸ ਏ,ਬੀ,ਸੀ,ਡੀ ਅਤੇ ਈ ਹਨ। ਹੈਪੇਟਾਈਟਸ ਏ ਅਤੇ ਈ ਕਿਸਮ ਦੂਸ਼ਿਤ ਪਾਣੀ ਪੀਣ ਅਤੇ ਦੂਸ਼ਿਤ ਕੀਤੇ ਭੋਜਨ ਖਾਣ ਨਾਲ ਹੁੰਦੀ ਹੈ। ਇਸ ਬਿਮਾਰੀ ਦੇ ਮੁੱਖ ਲੱਛਣਾਂ ਵਿੱਚ ਹਲਕਾ ਬੁਖਾਰ ਮਾਸਪੇਸ਼ੀਆਂ ਵਿੱਚ ਦਰਦ, ਭੁੱਖ ਨਾ ਲੱਗਣਾ, ਵਾਰ-ਵਾਰ ਉਲਟੀਆਂ ਆਉਣਾ, ਪਿਸ਼ਾਬ ਦਾ ਰੰਗ ਪੀਲਾ ਹੋਣਾ, ਅੱਖਾਂ ਦਾ ਰੰਗ ਪੀਲਾ ਹੋਣਾ, ਕਮਜ਼ੋਰੀ ਮਹਿਸੂਸ ਹੋਣਾ ਅਤੇ ਜਿਗਰ ਦਾ ਖ਼ਰਾਬ ਹੋਣਾ ਆਦਿ ਸ਼ਾਮਲ ਹਨ।ਹੈਪੇਟਾਈਟਸ ਏ ਅਤੇ ਈ ਤੋਂ ਬਚਾਅ ਲਈ ਪਾਣੀ ਨੂੰ ਸਾਫ ਸੁਥਰੇ ਪਾਣੀ ਦੇ ਸੋਮਿਆਂ ਤੋਂ ਪੀਣਾ ਚਾਹੀਦਾ ਹੈ।ਅਤੇ ਇਸਦੇ ਨਾਲ ਹੀ ਇਹ ਧਿਆਨ ਰੱਖੋ ਕਿ ਖਾਣ-ਪੀਣ ਦੀਆਂ ਵਸਤਾਂ ਤਾਜੀਆਂ ਤੇ ਸਾਫ-ਸੁਥਰੀਆਂ ਹੋਣ ਅਤੇ ਸਾਫ ਪਾਣੀ ਦੀ ਵਰਤੋਂ ਕਰਨਾ ਆਦਿ ਤਰੀਕਿਆਂ ਨਾਲ ਹੈਪੇਟਾਈਟਸ ਤੋਂ ਬਚਾਅ ਕੀਤਾ ਜਾ ਸਕਦਾ ਹੈ । ਉਨ੍ਹਾਂ ਦੱਸਿਆ ਕਿ ਬੱਚਿਆ ਨੂੰ ਹੈਪੇਟਾਈਟਸ ਬੀ ਦੀ ਬਿਮਾਰੀ ਤੋਂ ਬਚਾਉਣ ਲਈ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਟੀਕਾਕਰਨ ਪ੍ਰੋਗਰਾਮ ਤਹਿਤ ਮੁਫ਼ਤ ਟੀਕਾਕਰਨ ਕੀਤਾ ਜਾਂਦਾ ਹੈ। ਉਨ੍ਹਾ ਕਿਹਾ ਕਿ ਕਾਲੇ ਪੀਲੀਏ ਦਾ ਇਲਾਜ ਸਾਰੇ ਜਿਲ੍ਹਾ ਹਸਪਤਾਲਾਂ ਵਿੱਚ ਮੁਫਤ ਕੀਤਾ ਜਾਂਦਾ ਹੈ।
ਸੈਮੀਨਾਰ ਦੌਰਾਨ ਜਿਲ੍ਹਾ ਐਪੀਡਿਮੋਲੋਜਿਸਟ ਡਾ. ਸ਼ੋਭਨਾ ਬਾਂਸਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰ ਸਾਲ ਵਿਸ਼ਵ ਵਿੱਚ ਲੱਖਾਂ ਲੋਕ ਹੈਪੇਟਾਈਟਸ (ਕਾਲਾ ਪੀਲੀਆ) ਬੀਮਾਰੀ ਨਾਲ ਆਪਣੀ ਜਾਨ ਗਵਾ ਬੈਠਦੇ ਹਨ ਜਦੋਂ ਕਿ ਇਸ ਬੀਮਾਰੀ ਦਾ ਸਹੀ ਸਮੇਂ ਤੇ ਜਾਂਚ ਕਰਵਾ ਕੇ ਇਸ ਦਾ ਇਲਾਜ ਕੀਤਾ ਜਾ ਸਕਦਾ ਹੈ ਤੇ ਇਸ ਬੀਮਾਰੀ ਨਾਲ ਹੋਣ ਵਾਲੀਆਂ ਮੋਤਾਂ ਨੂੰ ਰੋਕਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਹੈਪੇਟਾਈਟਸ ਬੀ ਤੇ ਸੀ ਦੂਸ਼ਿਤ ਖੂਨ ਚੜਾਉਣ ਨਾਲ,ਨਸ਼ੇ ਦੇ ਆਦਿ ਲੋਕਾਂ ਵੱਲੋਂ ਸਾਂਝੀਆ ਸੂਈਆਂ ਵਰਤਨ ਨਾਲ,ਟੈਟੂ ਬਣਵਾਉਣ ਨਾਲ, ਗ੍ਰਸਤ ਮਾਂ ਤੋ ਬੱਚੇ ਨੂੰ, ਗ੍ਰਸਤ ਵਿਅਕਤੀਆ ਨਾਲ ਸਰੀਰਿਕ ਸਬੰਧ ਬਨਾਉਣ ਨਾਲ ਹੋ ਸਕਦੀ ਹੈ। ਇਸ ਬੀਮਾਰੀ ਤੋਂ ਬਚਾਅ ਬਾਰੇ ਗੱਲ ਕਰਦਿਆਂ ਉਨਾਂ ਦੱਸਿਆ ਕਿ ਸੂਈਆਂ ਦਾ ਸਾਂਝਾ ਇਸਤੇਮਾਲ ਨਾ ਕਰੋ, ਮਨਜੂਰਸ਼ੁਦਾ ਬਲੱਡ ਬੈਂਕ ਤੋਂ ਖੂਨ ਲੈਣਾ, ਸੁਰਖਿਅਤ ਸੰਭੋਗ, ਟੈਟੂ ਨਾ ਬਣਵਾਓਣ ਨਾਲ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ।
ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਸ੍ਰੀ ਗੁਰਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੈਪੇਟਾਈਟਸ ਇੱਕ ਖਤਰਨਾਕ ਬਿਮਾਰੀ ਹੈ ਜੋ ਸਮੇਂ ਸਿਰ ਇਲਾਜ ਨਾ ਕਰਵਾਉਣ ‘ਤੇ ਜਾਨਲੇਵਾ ਵੀ ਹੋ ਸਕਦੀ ਹੈ।ਉਨ੍ਹਾ ਕਿਹਾ ਕਿ ਹੈਪਾਟਾਈਟਸ ਤੋਂ ਬਚਾਅ ਲਈ ਜਾਗਰੂਕਤਾ ਦੇ ਨਾਲ-ਨਾਲ ਇਸ ਦੀ ਛੇਤੀ ਪਛਾਣ ਅਤੇ ਸਮੇਂ ਸਿਰ ਇਲਾਜ ਜਰੂਰੀ ਹੈ।