ਪੰਜਾਬ 'ਚ ਸੋਮਵਾਰ ਨੂੰ ਨੌਤਪਾ ਦੇ ਤੀਜੇ ਦਿਨ ਪੰਜਾਬ 'ਚ 46 ਸਾਲਾਂ ਦਾ ਰਿਕਾਰਡ ਟੁੱਟ ਗਿਆ। ਸੋਮਵਾਰ ਨੂੰ ਬਠਿੰਡਾ ਦਾ ਤਾਪਮਾਨ 48.4 ਡਿਗਰੀ ਦਰਜ ਕੀਤਾ ਗਿਆ। ਪੰਜਾਬ ਵਿੱਚ ਇਹ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ 29 ਮਈ ਤੱਕ ਰੈੱਡ ਅਲਰਟ ਜਾਰੀ ਕੀਤਾ ਹੈ।
ਮੌਸਮ ਵਿਭਾਗ ਵੱਲੋਂ ਜਾਰੀ ਸੂਚਨਾ ਅਨੁਸਾਰ ਨੌਤਪਾ ਦਾ ਅਸਰ ਪੰਜਾਬ ਵਿੱਚ ਦੇਖਣ ਨੂੰ ਮਿਲੇਗਾ। ਇਸ ਦੌਰਾਨ ਤਾਪਮਾਨ ਵਿੱਚ ਮਾਮੂਲੀ ਵਾਧਾ ਦੇਖਿਆ ਜਾ ਸਕਦਾ ਹੈ। ਪੰਜਾਬ ਦੇ ਬਠਿੰਡਾ ਵਿੱਚ ਤਾਪਮਾਨ 48.4 ਡਿਗਰੀ ਦਰਜ ਕੀਤਾ ਗਿਆ ਹੈ, ਜੋ ਕਿ 21 ਮਈ 1978 ਦੇ ਤਾਪਮਾਨ ਨਾਲੋਂ 0.7 ਡਿਗਰੀ ਵੱਧ ਹੈ।
ਜਾਨਲੇਵਾ ਹੋ ਸਕਦੀ ਹੈ ਗਰਮੀ
ਤਾਪਮਾਨ ਵਧਣ ਕਾਰਨ ਦਿਲ, ਗੁਰਦੇ, ਫੇਫੜੇ, ਜਿਗਰ ਅਤੇ ਦਿਮਾਗ ਨੂੰ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ, ਇਸ ਲਈ ਇਹ ਜ਼ਰੂਰੀ ਹੈ ਕਿ ਇਹ ਸਾਰੇ ਅੰਗ ਪੂਰੀ ਤਰ੍ਹਾਂ ਤੰਦਰੁਸਤ ਹੋਣ, ਤਾਂ ਹੀ ਉਹ ਇਸ ਦਬਾਅ ਨੂੰ ਝੱਲ ਸਕਣਗੇ। ਜੇਕਰ ਉਨ੍ਹਾਂ ਅੰਗਾਂ ਵਿੱਚ ਪਹਿਲਾਂ ਹੀ ਕੋਈ ਬਿਮਾਰੀ, ਕਮਜ਼ੋਰੀ ਜਾਂ ਵਿਸ਼ੇਸ਼ ਸਿਹਤ ਸਥਿਤੀ ਹੈ, ਤਾਂ ਅੱਤ ਦੀ ਗਰਮੀ ਵਿੱਚ ਉਨ੍ਹਾਂ ਦੇ ਖਰਾਬ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।
ਹਰਿਆਣਾ 'ਚ ਟੁੱਟਿਆ 26 ਸਾਲ ਪੁਰਾਣਾ ਰਿਕਾਰਡ
ਇਸ ਦੇ ਨਾਲ ਹੀ ਹਰਿਆਣਾ 'ਚ ਨੌਤਪਾ ਦੇ ਤੀਜੇ ਦਿਨ 26 ਸਾਲਾਂ ਦਾ ਰਿਕਾਰਡ ਟੁੱਟ ਗਿਆ ਹੈ। ਇੱਥੇ ਸਿਰਸਾ ਦਾ ਤਾਪਮਾਨ 49.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸ਼ਾਮ 6 ਵਜੇ ਵੀ ਸਿਰਸਾ ਵਿੱਚ ਵੱਧ ਤੋਂ ਵੱਧ ਤਾਪਮਾਨ 46.1 ਡਿਗਰੀ ਦਰਜ ਕੀਤਾ ਗਿਆ।
ਚੰਡੀਗੜ੍ਹ ਵਿੱਚ ਪਾਰਾ 44.5 ਡਿਗਰੀ ਤੱਕ ਪਹੁੰਚ ਗਿਆ
ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 44.5 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਮਈ ਮਹੀਨੇ ਵਿੱਚ ਇਹ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ ਹੈ। ਅਗਲੇ 2 ਦਿਨਾਂ 'ਚ ਤਾਪਮਾਨ 46 ਡਿਗਰੀ ਤੱਕ ਵਧ ਸਕਦਾ ਹੈ। ਅਜਿਹੇ 'ਚ ਮੌਸਮ ਵਿਭਾਗ ਨੇ ਅਗਲੇ 2 ਦਿਨਾਂ ਤੱਕ ਹੀਟ ਵੇਵ ਦਾ ਰੈੱਡ ਅਲਰਟ ਅਤੇ ਉਸ ਤੋਂ ਬਾਅਦ ਆਰੇਂਜ ਅਲਰਟ ਜਾਰੀ ਕੀਤਾ ਹੈ।