ਖਬਰਿਸਤਾਨ ਨੈੱਟਵਰਕ- ਹਰਿਆਣਾ ਦੇ ਪੰਚਕੂਲਾ ਵਿੱਚ ਇੱਕੋਂ ਪਰਿਵਾਰ ਨੇ ਇਕੱਠੇ ਖੁਦਕੁਸ਼ੀ ਕਰ ਲਈ। ਇਹ ਪਰਿਵਾਰ ਦੇਹਰਾਦੂਨ ਤੋਂ ਪੰਚਕੂਲਾ ਬਾਗੇਸ਼ਵਰ ਧਾਮ ਵਿਖੇ ਹਨੂੰਮਾਨ ਕਥਾ ਵਿੱਚ ਹਿੱਸਾ ਲੈਣ ਲਈ ਆਇਆ ਸੀ। ਪਰ ਵਾਪਸ ਆਉਂਦੇ ਸਮੇਂ ਪਰਿਵਾਰ ਨੇ ਕਾਰ ਵਿੱਚ ਹੀ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਅਨੁਸਾਰ ਇਹ ਪਰਿਵਾਰ ਮੂਲ ਰੂਪ ਵਿੱਚ ਉਤਰਾਖੰਡ ਦਾ ਰਹਿਣ ਵਾਲਾ ਸੀ।
ਕਾਰ ਵਿੱਚ ਜ਼ਹਿਰ ਖਾ ਕੇ ਖੁਦਕੁਸ਼ੀ ਕੀਤੀ
ਮ੍ਰਿਤਕਾਂ ਵਿੱਚ ਪ੍ਰਵੀਨ ਮਿੱਤਲ, ਉਸਦੀ ਪਤਨੀ, ਬਜ਼ੁਰਗ ਮਾਪੇ ਅਤੇ 3 ਬੱਚੇ ਸ਼ਾਮਲ ਹਨ। ਪੁਲਿਸ ਨੂੰ ਸੋਮਵਾਰ ਰਾਤ ਲਗਭਗ 11 ਵਜੇ ਡਾਇਲ 11 'ਤੇ ਫ਼ੋਨ ਆਇਆ ਕਿ ਸੈਕਟਰ 27 ਦੇ ਕੋਠੀ ਨੰਬਰ 1204 ਦੇ ਸਾਹਮਣੇ ਇੱਕ ਕਾਰ ਵਿੱਚ ਬੈਠੇ ਲੋਕਾਂ ਨੇ ਜ਼ਹਿਰ ਖਾ ਲਿਆ ਹੈ, ਜਿਸ ਤੋਂ ਬਾਅਦ ਸੂਚਨਾ ਮਿਲਦੇ ਹੀ ਪੁਲਸ ਟੀਮ ਮੌਕੇ 'ਤੇ ਪਹੁੰਚ ਗਈ ਤੇ ਤੁਰੰਤ ਸੈਕਟਰ 26 ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ। ਹਾਲਾਂਕਿ, ਇਲਾਜ ਦੌਰਾਨ ਸਾਰੇ ਸੱਤ ਲੋਕਾਂ ਦੀ ਮੌਤ ਹੋ ਗਈ।
ਪਰਿਵਾਰ ਕਰਜ਼ੇ ਵਿੱਚ ਡੁੱਬਿਆ ਹੋਇਆ ਸੀ
ਪ੍ਰਵੀਨ ਮਿੱਤਲ ਨੇ ਕੁਝ ਸਮਾਂ ਪਹਿਲਾਂ ਦੇਹਰਾਦੂਨ ਵਿੱਚ ਟੂਰ ਅਤੇ ਟ੍ਰੈਵਲ ਕਾਰੋਬਾਰ ਸ਼ੁਰੂ ਕੀਤਾ ਸੀ। ਪਰ ਉਸ ਨੂੰ ਇਸ ਵਿੱਚ ਨੁਕਸਾਨ ਹੋਇਆ ਅਤੇ ਪਰਿਵਾਰ ਕਰਜ਼ੇ ਕਾਰਨ ਮਾਨਸਿਕ ਦਬਾਅ ਹੇਠ ਸੀ। ਇਸ ਤੋਂ ਪਰੇਸ਼ਾਨ ਹੋ ਕੇ ਪੂਰੇ ਪਰਿਵਾਰ ਨੇ ਇਹ ਕਦਮ ਚੁੱਕਿਆ। ਹੁਣ ਤੱਕ ਜਾਂਚ ਅਜੇ ਵੀ ਜਾਰੀ ਹੈ।
ਪੁਲਸ ਜਾਂਚ ਵਿੱਚ ਜੁਟੀ
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ, ਫੋਰੈਂਸਿਕ ਟੀਮ ਅਤੇ ਡੀਸੀਪੀ ਹਿਮਾਦਰੀ ਕੌਸ਼ਿਕ ਮੌਕੇ 'ਤੇ ਪਹੁੰਚ ਗਏ। ਫੋਰੈਂਸਿਕ ਮਾਹਿਰਾਂ ਨੇ ਮੌਕੇ ਤੋਂ ਸਬੂਤ ਇਕੱਠੇ ਕੀਤੇ, ਕਾਰ ਨੂੰ ਜ਼ਬਤ ਕਰ ਲਿਆ ਗਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਲਾਸ਼ਾਂ ਨੂੰ ਮੁਰਦਾਘਰ ਵਿੱਚ ਰੱਖਿਆ ਗਿਆ ਹੈ ਅਤੇ ਪੋਸਟਮਾਰਟਮ ਦੇ ਆਦੇਸ਼ ਦਿੱਤੇ ਗਏ ਹਨ।