ਜਲੰਧਰ ਦੇ ਪੋਸ਼ ਇਲਾਕੇ 'ਚ ਮੋਬਾਈਲ ਖੋਹਣ ਤੇ ਲੜਕੀ ਨੂੰ ਘਸੀਟਣ ਦੇ ਦੋਸ਼ 'ਚ 3 ਦੋਸ਼ੀ ਗ੍ਰਿਫਤਾਰ, ਦੇਖੋ ਵੀਡੀਓ
ਜਲੰਧਰ ਪੁਲਸ ਨੇ ਇਕ ਲੜਕੀ ਤੋਂ ਮੋਬਾਇਲ ਖੋਹਣ ਅਤੇ ਉਸ ਨੂੰ ਸੜਕ 'ਤੇ ਘਸੀਟਣ ਦੇ ਦੋਸ਼ 'ਚ 3 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਦੱਸਿਆ ਕਿ ਲਕਸ਼ਮੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਅਤੇ ਉਸ ਦੀ ਭੈਣ ਕੰਮ ਤੋਂ ਵਾਪਸ ਆ ਰਹੇ ਸਨ। ਇਸ ਦੌਰਾਨ ਜਦੋਂ ਉਹ ਆਪਣੇ ਘਰ ਦੇ ਅੰਦਰ ਜਾ ਰਹੀ ਸੀ ਤਾਂ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਉਸ ਦੇ ਸਾਹਮਣੇ ਮੋਟਰਸਾਈਕਲ ਰੋਕਿਆ ਤੇ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ ਤੇ ਭੱਜਣ ਲੱਗੇ।
ਮੋਬਾਈਲ ਫੋਨ ਦੇ ਲਈ ਘਸੀਟ ਕੇ ਲੈ ਗਏ ਲੁਟੇਰੇ
ਸਵਪਨਾ ਸ਼ਰਮਾ ਨੇ ਦੱਸਿਆ ਕਿ ਲਕਸ਼ਮੀ ਨੇ ਬਾਈਕ 'ਤੇ ਪਿੱਛੇ ਬੈਠੇ ਲੜਕੇ ਨੂੰ ਫੜ ਲਿਆ ਪਰ ਮੋਟਰਸਾਈਕਲ ਸਵਾਰ ਉਸ ਨੂੰ ਕਾਫੀ ਦੂਰ ਤੱਕ ਘਸੀਟਦਾ ਲੈ ਗਿਆ, ਜਿਸ ਕਾਰਨ ਉਸ ਦੇ ਕਾਫੀ ਸੱਟਾਂ ਲੱਗੀਆਂ। ਉਧਰ, ਪੁਲੀਸ ਨੇ ਤਿੰਨਾਂ ਨੂੰ ਗ੍ਰਿਫ਼ਤਾਰ ਕਰਕੇ ਵਾਰਦਾਤ ਦੌਰਾਨ ਵਰਤਿਆ ਮੋਟਰਸਾਈਕਲ ਨੰਬਰ ਪੀ.ਬੀ.08-ਬੀ.ਈ.-1179 ਵੀ ਬਰਾਮਦ ਕਰ ਲਿਆ ਹੈ।
ਮੁਲਜ਼ਮਾਂ ਦੀ ਹੋਈ ਪਛਾਣ
ਮੁਲਜ਼ਮਾਂ ਦੀ ਪਛਾਣ ਪਵਨਪ੍ਰੀਤ ਸਿੰਘ ਉਰਫ ਬੱਗਾ ਲਤੀਫਪੁਰਾ (ਜਲੰਧਰ), ਗਗਨਦੀਪ ਸਿੰਘ ਉਰਫ ਗਗਨ ਅਰਬਨ ਅਸਟੇਟ ਫੇਜ਼ 2 ਜਲੰਧਰ ਅਤੇ ਲਵਪ੍ਰੀਤ ਸਿੰਘ ਉਰਫ ਲਵ ਪੁੱਤਰ ਸੁਖਵਿੰਦਰ ਸਿੰਘ ਵਾਸੀ ਅਰਬਨ ਅਸਟੇਟ ਫੇਜ਼ ਵਜੋਂ ਹੋਈ ਹੈ। ਪੁਲਸ ਨੇ ਦੱਸਿਆ ਕਿ ਗਗਨਦੀਪ ਸਿੰਘ ਖ਼ਿਲਾਫ਼ ਪਹਿਲਾਂ ਹੀ ਤਿੰਨ ਕੇਸ ਪੈਂਡਿੰਗ ਹਨ, ਜਦੋਂਕਿ ਪਵਨਪ੍ਰੀਤ ਸਿੰਘ ਅਤੇ ਲਵਪ੍ਰੀਤ ਸਿੰਘ ਦਾ ਅਜੇ ਤੱਕ ਕੋਈ ਅਪਰਾਧਿਕ ਇਤਿਹਾਸ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਸ਼੍ਰੀ ਸਵਪਨ ਸ਼ਰਮਾ ਨੇ ਸ਼ਹਿਰ ਵਿੱਚੋਂ ਅਪਰਾਧ ਨੂੰ ਖ਼ਤਮ ਕਰਨ ਅਤੇ ਅਮਨ-ਕਾਨੂੰਨ ਨੂੰ ਕਾਇਮ ਰੱਖਣ ਲਈ ਕਮਿਸ਼ਨਰੇਟ ਪੁਲਿਸ ਦੀ ਮਜ਼ਬੂਤ ਵਚਨਬੱਧਤਾ ਨੂੰ ਦੁਹਰਾਇਆ।
'Jalandhar posh area','snatching mobile','Jalandhar police'