ਸੰਘਣੀ ਧੁੰਦ ਕਾਰਨ ਲੁਧਿਆਣਾ ਦੇ ਖੰਨਾ 'ਚ ਨੈਸ਼ਨਲ ਹਾਈਵੇ 'ਤੇ ਸਿਰਫ਼ 100 ਗਜ਼ ਦੀ ਦੂਰੀ 'ਤੇ ਹੀ 3 ਹਾਦਸੇ ਵਾਪਰ ਗਏ। ਜਿਸ ਕਾਰਨ ਕਰੀਬ 20 ਵਾਹਨ ਆਪਸ ਵਿੱਚ ਟਕਰਾ ਗਏ। ਪਰ ਇਨ੍ਹਾਂ ਹਾਦਸਿਆਂ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਹਾਲਾਂਕਿ ਵਾਹਨ ਚਕਨਾਚੂਰ ਹੋ ਗਏ। ਹਾਦਸਿਆਂ ਕਾਰਨ ਰਾਜਗੜ੍ਹ ਨੇੜੇ ਨੈਸ਼ਨਲ ਹਾਈਵੇਅ ਨੂੰ ਬੰਦ ਕਰਨਾ ਪਿਆ ਅਤੇ ਆਵਾਜਾਈ ਨੂੰ ਸਰਵਿਸ ਲੇਨ ਤੋਂ ਮੋੜਨਾ ਪਿਆ। ਇਹ ਹਾਦਸਾ ਅੰਮ੍ਰਿਤਸਰ-ਦਿੱਲੀ ਹਾਈਵੇਅ 'ਤੇ ਵਾਪਰਿਆ।
ਪਹਿਲਾ ਹਾਦਸਾ ਰਾਜਗੜ੍ਹ ਨੇੜੇ ਪੁਲ ’ਤੇ ਕੈਂਟਰ ਨਾਲ ਵਾਪਰਿਆ। ਜਿੱਥੇ 4 ਤੋਂ 5 ਵਾਹਨ ਆਪਸ ਵਿੱਚ ਟਕਰਾ ਗਏ। ਜਿਸ ਤੋਂ ਬਾਅਦ ਪੁਲਿਸ ਨੇ ਵਾਹਨਾਂ ਨੂੰ ਹਟਾਉਣਾ ਸ਼ੁਰੂ ਕੀਤਾ ਪਰ ਫਿਰ ਥੋੜੀ ਦੂਰੀ 'ਤੇ 4 ਤੋਂ 5 ਹੋਰ ਵਾਹਨ ਆਪਸ ਵਿੱਚ ਟਕਰਾ ਗਏ। ਇਸ ਦੌਰਾਨ ਕੁਝ ਦੂਰੀ 'ਤੇ ਇਕ ਹੋਰ ਹਾਦਸਾ ਵਾਪਰ ਗਿਆ ਅਤੇ ਕੁਝ ਵਾਹਨ ਆਪਸ ਵਿਚ ਟਕਰਾ ਗਏ।
ਇਸ ਦੌਰਾਨ ਪੁਲਿਸ ਨੇ ਲੋਕਾਂ ਨੂੰ ਧੁੰਦ ਵਿੱਚ ਸਾਵਧਾਨੀ ਨਾਲ ਵਾਹਨ ਚਲਾਉਣ ਦੀ ਅਪੀਲ ਕੀਤੀ ਹੈ। ਦੱਸ ਦੇਈਏ ਕਿ ਇਸ ਵਾਰ ਸਰਦੀਆਂ ਦੀ ਸ਼ੁਰੂਆਤ 'ਚ ਖੰਨਾ 'ਚ 3 ਕਿਲੋਮੀਟਰ ਦੇ ਖੇਤਰ 'ਚ 100 ਤੋਂ ਜ਼ਿਆਦਾ ਵਾਹਨ ਆਪਸ 'ਚ ਟਕਰਾ ਗਏ ਸਨ।
ਪੰਜਾਬ ਦੇ 14 ਜ਼ਿਲ੍ਹਿਆਂ ਵਿੱਚ ਧੁੰਦ ਦਾ ਅਲਰਟ
ਪੰਜਾਬ ਵਿੱਚ ਸੰਘਣੀ ਧੁੰਦ ਦਾ ਕਹਿਰ ਜਾਰੀ ਹੈ। ਮੌਸਮ ਵਿਭਾਗ ਮੁਤਾਬਕ ਪੰਜਾਬ ਦੇ 14 ਜ਼ਿਲ੍ਹਿਆਂ ਵਿੱਚ ਮੌਸਮ ਖ਼ਰਾਬ ਰਹੇਗਾ। ਇਸ ਸਬੰਧੀ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਫ਼ਿਰੋਜ਼ਪੁਰ, ਫ਼ਰੀਦਕੋਟ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ ਅਤੇ ਮਾਨਸਾ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ।