ਕਿਸਾਨਾਂ ਵਲੋਂ ਕੀਤਾ ਗਿਆ ਪੰਜਾਬ ਬੰਦ ਦਾ ਸਮਾਂ ਪੂਰਾ ਹੋ ਗਿਆ ਹੈ। ਕਈ ਥਾਵਾਂ 'ਤੇ ਸੜਕਾਂ ਖੋਲ੍ਹ ਦਿੱਤੀਆਂ ਗਈਆਂ ਹਨ। ਅੰਮ੍ਰਿਤਸਰ ਦੇ ਗੋਲਡਨ ਗੇਟ ਨੇੜੇ ਵੀ ਬੈਠੇ ਹੋਏ ਕਿਸਾਨ ਸੜਕਾਂ ਤੋਂ ਉਠ ਗਏ ਹਨ। ਦੱਸ ਦੇਈਏ ਕਿ ਪੰਜਾਬ ਬੰਦ ਦੀ ਸਵੇਰੇ 7 ਤੋਂ ਸ਼ਾਮ 4 ਵਜੇ ਤੱਕ ਦੀ ਕਾਲ ਸੀ।
ਇਸ ਤੋਂ ਇਲਾਵਾ ਕਿਸਾਨ ਸ਼ਾਮ 4 ਵਜੇ ਜਲੰਧਰ ਦੇ ਲੁਧਿਆਣਾ ਹਾਈਵੇਅ ਤੋਂ ਵੀ ਹਟ ਗਏ ਹਨ। ਦੂਜੇ ਪਾਸੇ ਆਵਾਜਾਈ ਵੀ ਸ਼ੁਰੂ ਹੋ ਗਈ ਹੈ।
ਅੰਦੋਲਨ ਪੂਰੀ ਤਰ੍ਹਾਂ ਸਫਲ ਰਿਹਾ : ਕਿਸਾਨ ਆਗੂ ਸਰਵਨ ਪੰਧੇਰ
ਪੰਜਾਬ ਬੰਦ ਦੀ ਸਮਾਪਤੀ ਤੋਂ ਬਾਅਦ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਵੀ ਲੋਕਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਕੋਈ ਦੁਕਾਨ ਬੰਦ ਨਹੀਂ ਕਰਨੀ ਪਈ। ਵਪਾਰ ਮੰਡਲ, ਕਮਿਸ਼ਨ ਏਜੰਟਾਂ, ਐਸੋਸੀਏਸ਼ਨਾਂ, ਕਰਮਚਾਰੀਆਂ, ਸਮੂਹਾਂ ਅਤੇ ਸਾਰੀਆਂ ਯੂਨੀਅਨਾਂ ਨੇ ਪੰਜਾਬ ਬੰਦ ਦਾ ਸਮਰਥਨ ਕੀਤਾ ਹੈ। ਕਰੀਬ 270 ਥਾਵਾਂ 'ਤੇ ਪ੍ਰਦਰਸ਼ਨ ਹੋਏ। ਇਹ ਪੰਜਾਬ ਬੰਦ ਅੰਦੋਲਨ ਪੂਰੀ ਤਰ੍ਹਾਂ ਸਫਲ ਰਿਹਾ।
ਕਿਸਾਨਾਂ ਤੇ ਪੁਲਸ ਵਿਚਾਲੇ ਝੜਪ
ਉਧਰ, ਜਲੰਧਰ ਵਿੱਚ ਪੈਦਲ ਰਾਹਗੀਰਾਂ ਨੂੰ ਰੋਕਣ ਨੂੰ ਲੈ ਕੇ ਕਿਸਾਨਾਂ ਅਤੇ ਪੁਲਸ ਵਿਚਾਲੇ ਬਹਿਸਬਾਜ਼ੀ ਵੀ ਦੇਖਣ ਨੂੰ ਮਿਲੀ। ਇਸ ਤੋਂ ਇਲਾਵਾ ਲੁਧਿਆਣਾ ਦੇ ਬਸਤੀ ਜੋਧਾਂਵਾਲ ਚੌਂਕ ਅਤੇ ਖੰਨਾ ਵਿੱਚ ਜਾਮ ਲਗਾਉਣ ਨੂੰ ਲੈ ਕੇ ਕਿਸਾਨਾਂ ਅਤੇ ਲੋਕਾਂ ਵਿੱਚ ਬਹਿਸਬਾਜ਼ੀ ਹੋਈ। ਜਲੰਧਰ 'ਚ ਵਿਆਹ ਤੇ ਜਾ ਰਹੇ ਬਰਾਤੀ ਜਾਮ 'ਚ ਫਸ ਗਏ, ਜਿਸ 'ਚੋਂ ਲਾੜੇ ਨੇ ਕਾਰ 'ਚੋਂ ਬਾਹਰ ਆ ਕੇ ਕਿਸਾਨਾਂ ਦੇ ਝੰਡੇ ਫੜੇ ਅਤੇ ਕਿਸਾਨ ਜ਼ਿੰਦਾਬਾਦ ਦੇ ਨਾਅਰੇ ਵੀ ਲਾਏ ਅਤੇ ਕਿਸਾਨਾਂ ਨੂੰ ਪੁਰਜ਼ੋਰ ਸਮਰਥਨ ਦਿੱਤਾ।
ਟਰੇਨਾਂ ਵੀ ਰੱਦ ਕਰ ਦਿੱਤੀਆਂ ਗਈਆਂ
ਕਿਸਾਨਾਂ ਦੀ ਹੜਤਾਲ ਕਾਰਨ ਰੇਲਵੇ ਨੇ ਵੰਦੇ ਭਾਰਤ ਸਮੇਤ 163 ਟਰੇਨਾਂ ਰੱਦ ਕਰ ਦਿੱਤੀਆਂ ਸਨ। ਪੁਣੇ ਤੋਂ ਜੰਮੂ ਤਵੀ ਜਾ ਰਹੀ ਜੇਹਲਮ ਐਕਸਪ੍ਰੈਸ ਨੂੰ ਵੀ ਜਲੰਧਰ ਕੈਂਟ ਸਟੇਸ਼ਨ 'ਤੇ ਰੋਕ ਦਿੱਤਾ ਗਿਆ। ਜਲੰਧਰ, ਅੰਮ੍ਰਿਤਸਰ ਅਤੇ ਲੁਧਿਆਣਾ ਦੇ ਰੇਲਵੇ ਸਟੇਸ਼ਨਾਂ 'ਤੇ ਉੱਤਰ ਪ੍ਰਦੇਸ਼, ਪੂਨੇ, ਬਿਹਾਰ, ਕੋਲਕਾਤਾ ਸਮੇਤ ਹੋਰ ਰਾਜਾਂ ਦੇ ਯਾਤਰੀ ਵੀ ਪ੍ਰੇਸ਼ਾਨ ਰਹੇ। ਟਰੇਨਾਂ ਰੱਦ ਹੋਣ ਕਾਰਨ ਯਾਤਰੀਆਂ ਨੂੰ ਹੋਟਲਾਂ ਵਿੱਚ ਰਹਿਣਾ ਪਿਆ।