ਅਮਰੀਕਾ ਦੇ ਐਨਾ ਸ਼ਹਿਰ 'ਚ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਚਾਰ ਭਾਰਤੀਆਂ ਦੀ ਮੌਤ ਹੋ ਗਈ ਹੈ। ਜਿਸ ਵਿੱਚ ਇੱਕ ਲੜਕੀ ਵੀ ਸ਼ਾਮਲ ਹੈ। ਦੱਸਿਆ ਜਾ ਰਿਹਾ ਹੈ ਕਿ ਚਾਰੋਂ ਲੋਕ ਕਾਰਪੂਲਿੰਗ ਕਰ ਬੈਂਟਨਵਿਲੇ ਜਾ ਰਹੇ ਸਨ। ਉਦੋਂ ਉਨ੍ਹਾਂ ਦੀ ਤੇਜ਼ ਰਫ਼ਤਾਰ ਐਸਯੂਵੀ ਨੂੰ ਪਿੱਛੇ ਤੋਂ ਇੱਕ ਟਰੱਕ ਨੇ ਟੱਕਰ ਮਾਰ ਦਿੱਤੀ। ਜਿਸ ਕਾਰਨ ਅੱਗ ਲੱਗ ਗਈ ਅਤੇ ਚਾਰੇ ਜਿੰਦਾ ਸੜ ਗਏ।
ਕਾਰ 'ਚੋਂ ਬਾਹਰ ਨਾ ਨਿਕਲਣ ਕਾਰਨ ਜ਼ਿੰਦਾ ਸੜੇ
ਟਰੱਕ ਦੇ ਟੱਕਰ ਮਾਰਨ ਤੋਂ ਬਾਅਦ ਕਾਰ ਨੂੰ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਚਾਰੋਂ ਕਾਰ 'ਚ ਫਸ ਗਏ ਅਤੇ ਆਪਣੇ ਆਪ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਨ ਲੱਗੇ ਪਰ ਕਾਰ ਵਿੱਚ ਫਸਣ ਕਾਰਨ ਸਾਰੇ ਜਿੰਦਾ ਸੜ ਗਏ। ਮ੍ਰਿਤਕਾਂ ਦੀ ਪਛਾਣ ਹੈਦਰਾਬਾਦ ਦੇ ਆਰੀਅਨ ਰਘੂਨਾਥ ਓਰਾਮਪਾਠੀ ਅਤੇ ਫਾਰੂਕ ਸ਼ੇਖ, ਤੇਲੰਗਾਨਾ ਦੇ ਲੋਕੇਸ਼ ਪਾਲਚਾਰਲਾ ਅਤੇ ਤਾਮਿਲਨਾਡੂ ਦੇ ਰਹਿਣ ਵਾਲੇ ਦਰਸ਼ਨੀ ਵਾਸੂਦੇਵਨ ਵਜੋਂ ਹੋਈ ਹੈ।
ਸੜਨ ਕਾਰਨ ਨਹੀ ਹੋ ਰਹੀ ਪਹਿਚਾਣ
ਹਾਦਸੇ ਤੋਂ ਬਾਅਦ ਲਾਸ਼ਾਂ ਪੂਰੀ ਤਰ੍ਹਾਂ ਸੜ ਗਈਆਂ। ਪੁਲਿਸ ਲਾਸ਼ਾਂ ਦੀ ਸ਼ਨਾਖਤ ਵੀ ਨਹੀਂ ਕਰ ਸਕੀ। ਬਾਅਦ ਵਿੱਚ, ਪੁਲਿਸ ਨੇ ਇੱਕ ਕਾਰ ਪੂਲਿੰਗ ਐਪ ਦੀ ਮਦਦ ਨਾਲ ਮ੍ਰਿਤਕਾਂ ਦੀ ਪਛਾਣ ਕੀਤੀ ਅਤੇ ਉਨ੍ਹਾਂ ਦੇ ਦੋਸਤਾਂ ਅਤੇ ਪਰਿਵਾਰ ਨੂੰ ਘਟਨਾ ਬਾਰੇ ਸੂਚਿਤ ਕੀਤਾ ਗਿਆ।
ਪਰਿਵਾਰ ਨੂੰ ਮਿਲ ਕੇ ਆ ਰਹੇ ਸਨ ਵਾਪਸ
ਹਾਦਸੇ ਵਿੱਚ ਆਪਣੀ ਜਾਨ ਗੁਆਉਣ ਵਾਲਾ ਆਰੀਅਨ ਬੈਂਟਨਵਿਲੇ 'ਚ ਰਹਿੰਦਾ ਹੈ। ਜੋ ਡਲਾਸ 'ਚ ਰਹਿਣ ਵਾਲੇ , ਆਪਣੇ ਚਚੇਰੇ ਭਰਾ ਨੂੰ ਮਿਲਣ ਗਿਆ ਹੋਇਆ ਸੀ । ਜਦਕਿ ਲੋਕੇਸ਼ ਆਪਣੀ ਪਤਨੀ ਨੂੰ ਮਿਲ ਕੇ ਆ ਰਿਹਾ ਸੀ ਤੇ ਦਰਸ਼ਨੀ ਆਪਣੇ ਚਾਚੇ ਨੂੰ ਮਿਲਣ ਜਾ ਰਹੀ ਸੀ।