ਲੁਧਿਆਣਾ ਦੇ ਗਣੇਸ਼ ਨਗਰ ਇਲਾਕੇ ਵਿੱਚ ਇੱਕ ਬੇਕਰੀ ਦੇ ਗੋਦਾਮ ਵਿੱਚ ਅਚਾਨਕ ਅੱਗ ਲੱਗ ਗਈ। ਕੁਝ ਹੀ ਸਮੇਂ ਵਿੱਚ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਅੱਗ ਦੀਆਂ ਲਪਟਾਂ ਦੇਖ ਕੇ ਆਸ-ਪਾਸ ਦੇ ਲੋਕ ਬਾਹਰ ਆ ਗਏ। ਅੱਗ ਇੰਨੀ ਭਿਆਨਕ ਸੀ ਕਿ ਗੋਦਾਮ ਵਿਚ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਅਤੇ ਇਕ ਮੋਟਰਸਾਈਕਲ ਵੀ ਸੜ ਕੇ ਸੁਆਹ ਹੋ ਗਿਆ। ਖੁਸ਼ਕਿਸਮਤੀ ਇਹ ਰਹੀ ਕਿ ਘਟਨਾ ਸਮੇਂ ਕੋਈ ਵੀ ਮੌਜੂਦ ਨਹੀਂ ਸੀ ਨਹੀਂ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ।
ਬੇਕਰੀ ਮਾਲਕ ਦਿਲਸ਼ਾਦ ਅੰਸਾਰੀ ਨੇ ਦੱਸਿਆ ਕਿ ਉਸ ਦੀ ਗੋਦਾਮ ਦੇ ਬਾਹਰ ਦੁਕਾਨ ਹੈ। ਮਜ਼ਦੂਰ ਗੋਦਾਮ ਵਿੱਚ ਖਾਣਾ ਬਣਾ ਰਹੇ ਸਨ ਪਰ ਅਚਾਨਕ ਧਮਾਕੇ ਦੀ ਆਵਾਜ਼ ਆਈ। ਇਸ ਦੌਰਾਨ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ। ਹਾਲਾਂਕਿ ਹਾਦਸੇ ਤੋਂ ਤੁਰੰਤ ਬਾਅਦ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਪਰ ਉਦੋਂ ਤੱਕ ਅੱਗ ਕਾਫੀ ਫੈਲ ਚੁੱਕੀ ਸੀ।
ਕੁਝ ਹੀ ਸਮੇਂ ਵਿੱਚ ਅੱਗ ਇੰਨੀ ਫੈਲ ਗਈ ਕਿ ਆਲੇ-ਦੁਆਲੇ ਦਾ ਸਾਰਾ ਇਲਾਕਾ ਕਾਲੇ ਧੂੰਏਂ ਨਾਲ ਢੱਕ ਗਿਆ। ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਨੇ ਕਰੀਬ 45 ਮਿੰਟ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਨਾਲ ਹੀ ਬੇਕਰੀ ਦੇ ਅੰਦਰੋਂ 3 ਦੇ ਕਰੀਬ ਸਿਲੰਡਰ ਸੁਰੱਖਿਅਤ ਬਾਹਰ ਕੱਢ ਲਏ। ਫਾਇਰ ਬ੍ਰਿਗੇਡ ਅਧਿਕਾਰੀ ਰਜਿੰਦਰ ਕੁਮਾਰ ਨੇ ਦੱਸਿਆ ਕਿ ਅਜੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਪਰ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ।