ਧੰਨ-ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਸਿੱਖ ਸ਼ਰਧਾਲੂਆਂ ਦਾ ਜੱਥਾ ਜੈਕਾਰਿਆਂ ਦੀ ਗੂੰਜ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਲਈ ਰਵਾਨਾ ਹੋਇਆ।
763 ਸ਼ਰਧਾਲੂਆਂ ਨੂੰ ਹੀ ਜਾਰੀ ਕੀਤੇ ਵੀਜ਼ੇ
ਦੱਸ ਦੇਈਏ ਕਿ ਇਸ ਵਾਰ ਸ਼੍ਰੋਮਣੀ ਕਮੇਟੀ ਨੂੰ ਪਾਕਿਸਤਾਨ ਦੂਤਾਵਾਸ ਵਲੋਂ ਕੇਵਲ 763 ਵੀਜ਼ੇ ਹੀ ਜਾਰੀ ਕੀਤੇ ਗਏ ਹਨ। 2244 ਸਿੱਖ ਸ਼ਰਧਾਲੂਆਂ ਨੇ ਵੀਜ਼ਾ ਅਪਲਾਈ ਕੀਤਾ ਸੀ ਪਰ ਪਾਕਿਸਤਾਨੀ ਦੂਤਾਵਾਸ ਨੇ ਸਿਰਫ਼ 763 ਨੂੰ ਹੀ ਵੀਜ਼ਾ ਦਿੱਤਾ ਹੈ। ਜਿਸ ਕਾਰਨ ਇਸ ਸਾਲ ਇਹੀ ਸ਼ਰਧਾਲੂ ਜੱਥੇ ਵਿੱਚ ਸ਼ਾਮਲ ਹੋ ਸਕੇ। ਇਹ ਜੱਥਾ ਅਟਾਰੀ- ਵਾਹਘਾ ਸਰਹੱਦ ਰਸਤੇ ਪਾਕਿਸਤਾਨ ਵਿਚ ਦਾਖਲ ਹੋਵੇਗਾ ਅਤੇ ਸ੍ਰੀ ਨਨਕਾਣਾ ਸਾਹਿਬ ਵਿਖੇ ਭਲਕੇ ਪ੍ਰਕਾਸ਼ ਪੁਰਬ ਮਨਾਉਣ ਤੋਂ ਬਾਅਦ ਪਾਕਿਸਤਾਨ ਸਥਿਤ ਹੋਰ ਗੁਰਧਾਮਾਂ ਦੇ ਦਰਸ਼ਨ ਕਰਨ ਉਪਰੰਤ 23 ਨਵੰਬਰ ਨੂੰ ਵਾਪਸ ਪਰਤੇਗਾ।
ਪਾਕਿਸਤਾਨ ਵਿਚ ਇਨ੍ਹਾਂ ਗੁਰੂ ਘਰਾਂ ਦੇ ਕਰੇਗਾ ਦਰਸ਼ਨ
ਇਹ ਜੱਥਾ ਪਾਕਿਸਤਾਨ ਦੀ ਧਰਤੀ ਉਤੇ ਕਰੀਬ 10 ਦਿਨ ਰਹੇਗਾ, ਜਿਸ ਵਿੱਚ ਸ਼ਰਧਾਲੂ ਨਨਕਾਣਾ ਸਾਹਿਬ, ਪੰਜਾ ਸਾਹਿਬ (ਹਸਨ ਅਬਦਾਲ), ਸ਼ਹੀਦੀ ਅਸਥਾਨ ਗੁਰੂ ਅਰਜਨ ਦੇਵ ਜੀ, ਸਮਾਧ ਮਹਾਰਾਜਾ ਰਣਜੀਤ ਸਿੰਘ (ਲਾਹੌਰ), ਸੱਚਾ ਸੌਦਾ ਸਾਹਿਬ (ਫਾਰੂਕਾਬਾਦ) ਅਤੇ ਕਰਤਾਰਪੁਰ ਸਾਹਿਬ (ਨਾਰੋਵਾਲ) ਦੇ ਦਰਸ਼ਨ ਕਰੇਗਾ।