ਲੁਧਿਆਣਾ 'ਚ ਤੇਜ਼ ਹਨੇਰੀ ਕਾਰਨ ਲੋਹੇ ਦਾ ਭਾਰੀ ਗੇਟ ਇਕ ਵਿਅਕਤੀ ਉਤੇ ਡਿੱਗ ਗਿਆ। ਗੇਟ ਡਿੱਗਣ ਨਾਲ ਵਿਅਕਤੀ ਗੇਟ ਹੇਠਾਂ ਕੁਚਲਣ ਨਾਲ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਉਸ ਨੂੰ ਜ਼ਖਮੀ ਹਾਲਤ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰੋਹਿਤ ਵਜੋਂ ਹੋਈ ਹੈ। ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।
ਅਚਾਨਕ ਲੋਹੇ ਦਾ ਗੇਟ ਡਿੱਗ ਗਿਆ
ਸੀਸੀਟੀਵੀ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਮ੍ਰਿਤਕ ਰੋਹਿਤ ਈ-ਰਿਕਸ਼ਾ ਤੋਂ ਹੇਠਾਂ ਉਤਰ ਕੇ ਫੈਕਟਰੀ ਦੇ ਅੰਦਰ ਜਾਂਦਾ ਹੈ। ਇਸ ਦੌਰਾਨ ਕੁਝ ਸਮੇਂ ਬਾਅਦ ਉਹ ਗੇਟ ਕੋਲ ਖੜ੍ਹਾ ਸੀ ਤਾਂ ਅਚਾਨਕ ਤੇਜ਼ ਹਨੇਰੀ ਕਾਰਨ ਲੋਹੇ ਦਾ ਭਾਰੀ ਗੇਟ ਉਸ 'ਤੇ ਡਿੱਗ ਪੈਂਦਾ ਹੈ। ਇਸ ਦੌਰਾਨ ਸੜਕ ਤੋਂ ਲੰਘ ਰਹੇ ਇਕ ਵਿਅਕਤੀ ਨੇ ਤੁਰੰਤ ਬਾਈਕ ਰੋਕ ਕੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਜਲਦੀ ਹੀ ਰੋਹਿਤ ਨੂੰ ਬਚਾਉਣ ਲਈ ਹੋਰ ਲੋਕ ਵੀ ਆ ਗਏ ਅਤੇ ਗੇਟ ਨੂੰ ਚੁੱਕਣ ਦੀ ਕੋਸ਼ਿਸ਼ ਕਰਨ ਲੱਗੇ।
ਰੋਹਿਤ 3 ਬੱਚਿਆਂ ਦਾ ਪਿਤਾ ਸੀ
ਦੱਸਿਆ ਜਾ ਰਿਹਾ ਹੈ ਕਿ ਈ-ਰਿਕਸ਼ਾ ਚਾਲਕ ਰੋਹਿਤ ਰੋਜ਼ਾਨਾ ਆਰਵੀ ਫੈਬਰਿਕ ਫੈਕਟਰੀ 'ਚ ਸਾਮਾਨ ਲੈਣ ਆਉਂਦਾ ਸੀ। ਜਦੋਂ ਤੱਕ ਖੂਨ 'ਚ ਲੱਥਪੱਥ ਰੋਹਿਤ ਨੂੰ ਡਾਕਟਰਾਂ ਕੋਲ ਲਿਜਾਇਆ ਜਾ ਸਕਿਆ, ਉਦੋਂ ਤੱਕ ਉਸ ਦੀ ਮੌਤ ਹੋ ਗਈ। ਮ੍ਰਿਤਕ ਰੋਹਿਤ ਦੇ 3 ਬੇਟੇ ਹਨ। ਇਸ ਮਾਮਲੇ ਵਿੱਚ ਥਾਣਾ ਮੇਹਰਬਾਨ ਦੇ ਏਐਸਆਈ ਗੁਰਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਘਟਨਾ ਦੀ ਸੀਸੀਟੀਵੀ ਚੈੱਕ ਕਰ ਰਹੀ ਹੈ। ਫਿਲਹਾਲ ਆਈਪੀਸੀ ਦੀ ਧਾਰਾ 174 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।