ਪੰਜਾਬ 'ਚ ਮਾਨਸੂਨ ਦੀ ਰਫ਼ਤਾਰ ਇੱਕ ਵਾਰ ਫਿਰ ਮੱਠੀ ਹੋ ਗਈ ਹੈ। ਸ਼ਨੀਵਾਰ ਅੱਧੀ ਰਾਤ ਤੋਂ ਐਤਵਾਰ ਸਵੇਰ ਤੱਕ ਕਈ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ। ਮੌਸਮ ਵਿਭਾਗ ਅਨੁਸਾਰ 24 ਘੰਟਿਆਂ 'ਚ ਚੰਡੀਗੜ੍ਹ 'ਚ 18 ਮਿਲੀਮੀਟਰ ਮੀਂਹ ਪਿਆ ਹੈ। ਪਟਿਆਲਾ 'ਚ 1.2 ਮਿਲੀਮੀਟਰ, ਫਤਿਹਗੜ੍ਹ ਸਾਹਿਬ ਵਿੱਚ 6.8 ਮਿਲੀਮੀਟਰ, ਰੋਪੜ ਵਿੱਚ 1.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।
21 ਸਤੰਬਰ ਤੱਕ ਛਾਏ ਰਹਿਣਗੇ ਬੱਦਲ
ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ 21 ਸਤੰਬਰ ਤੱਕ ਬੱਦਲ ਛਾਏ ਰਹਿਣਗੇ, ਗਰਜ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਖਾਸ ਤੌਰ 'ਤੇ ਹਿਮਾਚਲ ਤੇ ਹਰਿਆਣਾ ਨਾਲ ਲੱਗਦੇ ਜ਼ਿਲਿਆਂ 'ਚ ਮੀਂਹ ਪੈ ਸਕਦਾ ਹੈ। ਹਾਲਾਂਕਿ ਮੀਂਹ ਦੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਹੈ।
ਇਨ੍ਹਾਂ ਪੰਜ ਜ਼ਿਲ੍ਹਿਆਂ 'ਚ ਮੀਂਹ ਦੀ ਸੰਭਾਵਨਾ
ਮੌਸਮ ਵਿਭਾਗ ਅਨੁਸਾਰ ਅੱਜ ਪੰਜ ਜ਼ਿਲ੍ਹਿਆਂ ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ, ਮੋਹਾਲੀ ਅਤੇ ਫਤਹਿਗੜ੍ਹ ਸਾਹਿਬ 'ਚ ਮੀਂਹ ਪੈਣ ਦੀ ਸੰਭਾਵਨਾ ਹੈ, ਇੱਥੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ। ਵਿਭਾਗ ਮੁਤਾਬਕ ਉੱਤਰੀ ਭਾਰਤ ਦੇ ਜ਼ਿਆਦਾਤਰ ਰਾਜਾਂ 'ਚ ਹੁਣ ਮਾਨਸੂਨ ਦਾ ਪ੍ਰਭਾਵ ਘੱਟ ਰਿਹਾ ਹੈ। ਬਿਹਾਰ ਅਤੇ ਉੱਤਰਾਖੰਡ 'ਚ ਪਿਛਲੇ ਕੁਝ ਦਿਨਾਂ ਤੋਂ ਮੀਂਹ ਪੈਣ ਦੀ ਸੰਭਾਵਨਾ ਹੈ। ਹਾਲਾਂਕਿ ਹੁਣ ਰਾਜਧਾਨੀ ਦਿੱਲੀ ਵਿੱਚ ਮੀਂਹ ਦੀ ਸੰਭਾਵਨਾ ਘੱਟ ਹੈ।
ਹਰਿਆਣਾ ਦੇ 8 ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ
ਮੌਸਮ ਵਿਭਾਗ ਨੇ ਹਰਿਆਣਾ ਦੇ 8 ਜ਼ਿਲ੍ਹਿਆਂ ਲਈ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਇਨ੍ਹਾਂ ਵਿੱਚ ਯਮੁਨਾਨਗਰ, ਕਰਨਾਲ, ਪਾਣੀਪਤ, ਸੋਨੀਪਤ, ਗੁਰੂਗ੍ਰਾਮ, ਫਰੀਦਾਬਾਦ, ਪਲਵਲ ਅਤੇ ਨੂਹ ਸ਼ਾਮਲ ਹਨ। ਮੌਸਮ ਵਿਭਾਗ ਦਾ ਮੰਨਣਾ ਹੈ ਕਿ ਇੱਥੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਬੱਦਲਵਾਈ ਕਾਰਨ ਦਿਨ ਦੇ ਤਾਪਮਾਨ 'ਚ ਮਾਮੂਲੀ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ।