ਬਠਿੰਡਾ 'ਚ ਇੱਕ ਸਕੂਲ ਵੈਨ ਦੀ ਮਹਿਲਾ ਕੰਡਕਟਰ ਨਾਲ ਦਰਦਨਾਕ ਹਾਦਸਾ ਵਾਪਰਿਆ । ਮਹਿਲਾ ਦਾ ਸੰਤੁਲਨ ਵਿਗੜਣ ਕਾਰਨ ਉਹ ਵੈਨ ਤੋਂ ਹੇਠਾਂ ਡਿੱਗ ਗਈ ਅਤੇ ਵੈਨ ਦੇ ਪਿਛਲੇ ਟਾਇਰ ਹੇਠਾਂ ਆਉਣ ਕਾਰਨ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਦੱਸ ਦੇਈਏ ਕਿ ਇਹ ਹਾਦਸਾ ਕੋਟ ਸ਼ਮੀਰ ਰਾਮਾ ਰੋਡ 'ਤੇ ਉਸ ਸਮੇਂ ਵਾਪਰਿਆ ਜਦੋਂ ਰਾਜਵਿੰਦਰ ਕੌਰ (45-50) ਨਾਂ ਦੀ ਮਹਿਲਾ ਕੰਡਕਟਰ ਬੱਚਿਆਂ ਨੂੰ ਸਕੂਲ ਲੈ ਕੇ ਜਾਣ ਲਈ ਵੈਨ 'ਚ ਬਿਠਾ ਰਹਿ ਸੀ। ਇਸ ਦੌਰਾਨ ਵੈਨ ਦੀ ਖਿੜਕੀ ਖੁੱਲ੍ਹੀ ਹੋਣ ਕਾਰਨ ਉਹ ਆਪਣਾ ਸੰਤੁਲਨ ਗੁਆ ਬੈਠੀ ਅਤੇ ਵੈਨ ਤੋਂ ਹੇਠਾਂ ਡਿੱਗ ਗਈ ਅਤੇ ਮੌਕੇ 'ਤੇ ਹੀ ਮਹਿਲਾ ਦੀ ਮੌਤ ਹੋ ਗਈ |
ਘਟਨਾ ਦੀ ਸੂਚਨਾ ਮਿਲਦੇ ਹੀ ਰੋਡ ਸੇਫਟੀ ਫੋਰਸ ਅਤੇ ਪੁਲਸ ਮੌਕੇ 'ਤੇ ਪਹੁੰਚ ਗਈ। ਸਹਾਰਾ ਜਨ ਸੇਵਾ ਸੰਸਥਾ ਦੇ ਵਰਕਰ ਸੰਦੀਪ ਸਿੰਘ ਨੇ ਦੱਸਿਆ ਕਿ ਜਦੋਂ ਉਹ ਮੌਕੇ ’ਤੇ ਪੁੱਜੇ ਤਾਂ ਔਰਤ ਸੜਕ ਕਿਨਾਰੇ ਮ੍ਰਿਤਕ ਪਈ ਸੀ।
ਮ੍ਰਿਤਕਾ ਦੀ ਲਾਸ਼ ਨੂੰ ਮੁਰਦਾਘਰ 'ਚ ਰਖਵਾਇਆ ਗਿਆ
ਮ੍ਰਿਤਕ ਦੀ ਪਛਾਣ ਰਾਜਵਿੰਦਰ ਕੌਰ ਪਤਨੀ ਪਾਲ ਸਿੰਘ ਵਜੋਂ ਹੋਈ ਹੈ। ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਡਾਕਟਰ ਹਰਸ਼ਿਤ ਗੋਇਲ ਨੇ ਹਾਦਸੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੈਰ ਫਿਸਲਣ ਕਾਰਨ ਔਰਤ ਵੈਨ ਦੇ ਹੇਠਾਂ ਆ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇੱਕ ਸਮਾਜ ਸੇਵੀ ਸੰਸਥਾ ਦੇ ਸਹਿਯੋਗ ਨਾਲ ਮ੍ਰਿਤਕ ਦੀ ਲਾਸ਼ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ