ਬਠਿੰਡਾ ਵਿਖੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਤੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵਿਕਾਸ ਕ੍ਰਾਂਤੀ ਰੈਲੀ ਕੀਤੀ।
ਰੈਲੀ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਮੇਰੇ ਖਿਲਾਫ ਵਿਰੋਧੀ ਪਾਰਟੀਆਂ ਜੋ ਵੀ ਬੋਲ ਰਹੀਆਂ ਹਨ, ਮੈਨੂੰ ਕੋਈ ਪਰਵਾਹ ਨਹੀਂ, ਜਿੰਨਾ ਚਿਰ ਤੁਸੀਂ ਮੇਰੇ ਨਾਲ ਹੋ।
ਤੀਰਥ ਯਾਤਰਾ ਸਕੀਮ
ਰੈਲੀ ਵਿੱਚ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਦੀ ਤੀਰਥ ਯਾਤਰਾ ਸਕੀਮ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ। ਦਿੱਲੀ ਵਿੱਚ ਵੀ ਅਜਿਹਾ ਕੀਤਾ ਗਿਆ ਸੀ ਪਰ ਮੁੱਖ ਮੰਤਰੀ ਭਗਵੰਤ ਮਾਨ ਦੋ ਦਿਨਾਂ ਵਿੱਚ ਕੋਈ ਹੱਲ ਕੱਢ ਲੈਣਗੇ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਲੋਕਾਂ ਨੂੰ ਪਟਨਾ ਸਾਹਿਬ ਅਤੇ ਨਾਂਦੇੜ ਦੇ ਹਜ਼ੂਰ ਸਾਹਿਬ ਦੇ ਦਰਸ਼ਨ ਕਰਵਾਉਣਾ ਚਾਹੁੰਦੇ ਹਨ ਪਰ ਕੇਂਦਰ ਨੇ ਯਾਤਰਾ ਰੋਕ ਦਿੱਤੀ। ਉਨ੍ਹਾਂ ਇੰਜਣ ਦਾ ਬਹਾਨਾ ਲਾ ਕੇ ਰੇਲ ਗੱਡੀਆਂ ਚੱਲਣ ਤੋਂ ਇਨਕਾਰ ਕਰ ਦਿੱਤਾ। ਦਿੱਲੀ ਵਿੱਚ ਵੀ ਅਜਿਹਾ ਕੀਤਾ ਗਿਆ, ਦਿੱਲੀ ਵਿੱਚ ਕਈ ਕੰਮ ਰੋਕ ਦਿੱਤੇ ਗਏ। ਪਰ ਅਸੀਂ ਇਸ ਨੂੰ ਪੂਰਾ ਕਰ ਲਿਆ। ਪੰਜਾਬ ਵਿੱਚ ਵੀ ਮੁੱਖ ਮੰਤਰੀ ਭਗਵੰਤ ਮਾਨ ਸਾਰਿਆਂ ਨੂੰ ਪਟਨਾ ਸਾਹਿਬ ਅਤੇ ਨਾਂਦੇੜ ਸਾਹਿਬ ਦੇ ਦਰਸ਼ਨ ਜ਼ਰੂਰ ਕਰਵਾਉਣਗੇ। ਦੋ ਦਿਨਾਂ ਵਿੱਚ ਹੱਲ ਲੱਭ ਲਿਆ ਜਾਵੇਗਾ।
ਕੇਂਦਰ ਦੀ ਚਿੰਤਾ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਤੀਰਥ ਯਾਤਰਾ ਸਕੀਮ ਲਈ ਟਰੇਨਾਂ ਬੁੱਕ ਕਰ ਲਈਆਂ ਗਈਆਂ ਹਨ ਅਤੇ ਪੈਸੇ ਦੇ ਦਿੱਤੇ ਗਏ ਹਨ। ਕੇਂਦਰ ਨੂੰ ਚਿੰਤਾ ਹੋਣ ਲੱਗੀ ਕਿ ਪੰਜਾਬ ਦੇ ਲੋਕ ਮੱਥਾ ਟੇਕਣਗੇ, ਅਰਦਾਸ ਕਰਨਗੇ, ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰਨਗੇ। ਉਨ੍ਹਾਂ ਦਾ ਸਫ਼ਰ ਰੋਕੋ।
ਇਨ੍ਹਾਂ ਦਾ ਵਸ ਚੱਲੇ ਤਾਂ ਰਾਸ਼ਟਰੀ ਗੀਤ 'ਚੋਂ ਵੀ ਨਾਂ ਹਟਾ ਦੇਣ
7 ਤੇ 15 ਤਰੀਕ ਲਈ ਟਰੇਨਾਂ ਦੇਣ ਤੋਂ ਮਨ੍ਹਾ ਕਰ ਦਿੱਤਾ ਕਿ ਇੰਜਣ ਨਹੀਂ ਹੈ। ਸੁਨੀਲ ਜਾਖੜ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛਿਆ ਜਾਵੇ ਕਿ ਜੇਕਰ ਉਹਨਾਂ ਦਾ ਵਸ ਚੱਲੇ ਤਾਂ ਉਹ ਰਾਸ਼ਟਰੀ ਗੀਤ ਵਿੱਚੋਂ ਵੀ ਪੰਜਾਬ ਦਾ ਨਾਂ ਹਟਾ ਦੇਣ। ਉਹਨਾਂ ਦਾ ਕੀ ਹੈ ਉਹਨਾਂ ਨੇ ਸਿਰਫ ਇੱਕ ਬਿੱਲ ਲਿਆਉਣਾ ਹੈ। ਪੰਜਾਬ ਨੂੰ ਹਟਾ ਕੇ ਯੂ.ਪੀ. ਲਿਖ ਦੇਣਗੇ।
ਬਠਿੰਡਾ ਵਿੱਚ 7ਵੀਂ ਰੈਲੀ
ਪੰਜਾਬ ਦੇ ਸੰਗਰੂਰ, ਹੁਸ਼ਿਆਰਪੁਰ, ਲੁਧਿਆਣਾ, ਗੁਰਦਾਸਪੁਰ, ਪਟਿਆਲਾ, ਅੰਮ੍ਰਿਤਸਰ ਲੋਕ ਸਭਾ ਹਲਕਿਆਂ ਵਿੱਚ ਵਿਕਾਸ ਕ੍ਰਾਂਤੀ ਰੈਲੀਆਂ ਕੀਤੀਆਂ ਗਈਆਂ ਹਨ। ਹੁਣ 7ਵੀਂ ਰੈਲੀ ਬਠਿੰਡਾ ਲੋਕ ਸਭਾ ਹਲਕੇ ਵਿੱਚ ਹੋ ਰਹੀ ਹੈ। ਬਠਿੰਡਾ ਲੋਕ ਸਭਾ ਅਧੀਨ ਪੈਂਦੇ ਬਠਿੰਡਾ-ਮਾਨਸਾ ਜ਼ਿਲ੍ਹਿਆਂ ਦੇ ਮੱਧ ਵਿੱਚ ਪੈਂਦੇ ਮੌੜ ਵਿੱਚ ਆਮ ਆਦਮੀ ਪਾਰਟੀ ਦੀ ਰੈਲੀ ਨੂੰ ਚੁਣਿਆ ਗਿਆ।
ਕਰੋੜਾਂ ਰੁਪਏ ਦੇ ਪ੍ਰਾਜੈਕਟਾਂ ਦੀ ਸ਼ੁਰੂਆਤ
ਇਸ ਦੌਰਾਨ ਵਿਕਾਸ ਕਾਰਜਾਂ ਲਈ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੇ 1125 ਕਰੋੜ ਰੁਪਏ ਦੇ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ। ਮਾਨ ਨੇ ਕਿਹਾ ਕਿ ਸਰਕਾਰ ਲੋਕਾਂ ਦੀ ਹੈ ਤੇ ਲੋਕਾਂ ਦੇ ਭਲੇ ਲਈ ਹੀ ਕੰਮ ਕਰ ਰਹੀ ਹੈ।
ਸ਼ਹੀਦੀ ਜੋੜ ਮੇਲ ਤੱਕ ਕੋਈ ਪ੍ਰੋਗਰਾਮ ਨਹੀਂ ਹੋਵੇਗਾ
ਬਠਿੰਡਾ ਵਿਚ ਹੋਈ ਇਸ ਰੈਲੀ ਤੋਂ ਬਾਅਦ ਅਗਲੇ ਸਾਲ ਜਨਵਰੀ ਵਿੱਚ ਰੈਲੀਆਂ ਕੀਤੀਆਂ ਜਾਣਗੀਆਂ। ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜਿਆਂ ਦੇ ਚਲਦੇ ਹੋਣ ਕਾਰਣ 20 ਤੋਂ 30 ਦਸੰਬਰ ਤੱਕ ਸ਼ਹੀਦੀ ਜੋੜ ਮੇਲ ਦੇ ਮੱਦੇਨਜ਼ਰ ਪੰਜਾਬ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰੋਗਰਾਮ ਨਹੀਂ ਹੋਵੇਗਾ।