ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਦੱਸ ਦੇਈਏ ਕਿ ਜਲੰਧਰ ਤੋਂ ਆਪ ਸੰਸਦ ਸੁਸ਼ੀਲ ਕੁਮਾਰ ਰਿੰਕੂ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿਚ ਐਂਟਰੀ ਮਾਰ ਸਕਦੇ ਹਨ। ਜ਼ਿਕਰਯੋਗ ਹੈ ਕਿ ਇਹ ਖਬਰ ਉਸ ਸਮੇਂ ਸਾਹਮਣੇ ਆ ਰਹੀ ਹੈ ਜਦੋਂ ਇੱਕ ਪਾਸੇ ਜਿੱਥੇ ਪਾਰਟੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਗ੍ਰਿਫਤਾਰ ਹਨ, ਉੱਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਵੱਖ ਹੋਣ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ।
ਆਪ ਵਿਧਾਇਕ ਸ਼ੀਤਲ ਅੰਗੂਰਾਲ ਵੀ ਛੱਡ ਸਕਦੇ ਪਾਰਟੀ
ਮੀਡੀਆ ਰਿਪੋਰਟ ਮੁਤਾਬਕ ਜਲੰਧਰ ਪੱਛਮੀ ਤੋਂ ਆਪ ਵਿਧਾਇਕ ਸ਼ੀਤਲ ਅੰਗੂਰਾਲ ਦੇ ਵੀ ਆਮ ਆਦਮੀ ਪਾਰਟੀ ਛੱਡਣ ਦੀਆਂ ਅਟਕਲਾਂ ਲਾਈਆਂ ਜਾ ਰਹੀਆਂ ਹਨ।ਦੋਵੇਂ ਆਗੂ ਦਿੱਲੀ ਪਹੁੰਚ ਚੁੱਕੇ ਹਨ ਤੇ ਸ਼ਾਮ 4 ਵਜੇ ਬੀ ਜੇ ਪੀ ਦਫਤਰ ਵਿਚ ਭਾਜਪਾ ਜੁਆਇਨ ਕਰ ਸਕਦੇ ਹਨ।
ਖਬਰਾਂ ਮੁਤਾਬਕ ਜਲੰਧਰ ਸੀਟ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਸਕਦੇ ਹਨ। ਸੁਸ਼ੀਲ ਕੁਮਾਰ ਰਿੰਕੂ ਲੋਕ ਸਭਾ ਵਿੱਚ ਆਮ ਆਦਮੀ ਪਾਰਟੀ ਦੇ ਇਕਲੌਤੇ ਸੰਸਦ ਮੈਂਬਰ ਹਨ। ਸੁਸ਼ੀਲ ਨੇ ਪਿਛਲੇ ਸਾਲ ਮਈ 'ਚ ਹੋਈ ਜਲੰਧਰ ਉਪ ਚੋਣ 57 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤੀ ਸੀ।
ਜਾਣੋ ਸੁਸ਼ੀਲ ਕੁਮਾਰ ਰਿੰਕੂ ਬਾਰੇ
ਸੁਸ਼ੀਲ ਕੁਮਾਰ ਰਿੰਕੂ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਰਹਿ ਚੁੱਕੇ ਹਨ। ਰਿੰਕੂ ਨੇ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਕਾਂਗਰਸ ਪਾਰਟੀ ਤੋਂ ਕੀਤੀ ਸੀ। ਰਿੰਕੂ 1990 ਵਿੱਚ NSUI ਦਾ ਸਰਗਰਮ ਮੈਂਬਰ ਰਿਹਾ ਹੈ। ਹਾਲਾਂਕਿ 2023 'ਚ ਜਲੰਧਰ ਉਪ ਚੋਣ ਤੋਂ ਪਹਿਲਾਂ ਸੁਸ਼ੀਲ ਕੁਮਾਰ ਰਿੰਕੂ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ ਸਨ।