ਬਠਿੰਡਾ ਵਿੱਚ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਇਕ ਪੁਲਸ ਮੁਲਾਜ਼ਮ ਦੀ ਮੌਤ ਹੋ ਗਈ। ਇਹ ਹਾਦਸਾ ਦੇਰ ਰਾਤ ਵਾਪਰਿਆ, ਜਿਥੇ ਸ੍ਰੀ ਮੁਕਤਸਰ ਸਾਹਿਬ ਰੋਡ ’ਤੇ ਪਿੰਡ ਦਿਓਣ ਦੇ ਬੱਸ ਅੱਡੇ ਨੇੜੇ ਪੁਲਸ ਮੁਲਾਜ਼ਮ ਦੀ ਬੋਲੈਰੋ ਕਾਰ ਬੇਕਾਬੂ ਹੋ ਕੇ ਨਿੰਮ ਦੇ ਦਰੱਖਤ ਨਾਲ ਟਕਰਾ ਗਈ, ਜਿਸ ਕਾਰਨ ਕਾਂਸਟੇਬਲ ਨਵਜੋਤ ਸਿੰਘ ਦੀ ਮੌਤ ਹੋ ਗਈ।
ਰਾਤ ਸਮੇਂ ਵਾਪਰਿਆ ਹਾਦਸਾ
ਜਾਣਕਾਰੀ ਅਨੁਸਾਰ ਨਵਜੋਤ ਸਿੰਘ ਉਰਫ ਮਟਰੂ ਸੀਨੀਅਰ ਕਾਂਸਟੇਬਲ ਐਮ.ਟੀ ਸੈਕਸ਼ਨ ਸ੍ਰੀ ਮੁਕਤਸਰ ਸਾਹਿਬ ਬੀਤੀ ਰਾਤ ਕਰੀਬ 12 ਵਜੇ ਬੋਲੈਰੋ ਵਿੱਚ ਬਠਿੰਡਾ ਤੋਂ ਸ੍ਰੀ ਮੁਕਤਸਰ ਸਾਹਿਬ ਵੱਲ ਜਾ ਰਿਹਾ ਸੀ। ਜਿਵੇਂ ਹੀ ਉਹ ਪਿੰਡ ਦਿਓਣ ਕੋਲ ਪਹੁੰਚਿਆ ਤਾਂ ਉਸ ਦੀ ਬੋਲੈਰੋ ਬੇਕਾਬੂ ਹੋ ਕੇ ਸੜਕ ਕਿਨਾਰੇ ਲੱਗੇ ਨਿੰਮ ਦੇ ਦਰੱਖਤ ਨਾਲ ਜਾ ਟਕਰਾਈ। ਇਸ ਹਾਦਸੇ ਵਿੱਚ ਗੱਡੀ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਇੱਕ ਵੱਡਾ ਨਿੰਮ ਦਾ ਦਰੱਖਤ ਵੀ ਨੁਕਸਾਨਿਆ ਗਿਆ। ਜਦੋਂ ਗੱਡੀ ਨਿੰਮ ਦੇ ਦਰੱਖਤ ਨਾਲ ਟਕਰਾ ਗਈ ਤਾਂ ਆਸ-ਪਾਸ ਦੇ ਘਰਾਂ ਦੇ ਲੋਕ ਇਕੱਠੇ ਹੋ ਗਏ।
ਮ੍ਰਿਤਕ ਸ੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਸੀ
ਹਾਦਸੇ ਦੀ ਆਵਾਜ਼ ਸੁਣ ਕੇ ਪਿੰਡ ਵਾਸੀਆਂ ਨੇ ਐਂਬੂਲੈਂਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਗੰਭੀਰ ਰੂਪ 'ਚ ਜ਼ਖਮੀ ਹੌਲਦਾਰ ਨਵਜੋਤ ਸਿੰਘ ਨੂੰ ਬੋਲੈਰੋ 'ਚੋਂ ਬਾਹਰ ਕੱਢ ਕੇ ਬਠਿੰਡਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਸੀਨੀਅਰ ਕਾਂਸਟੇਬਲ ਨਵਜੋਤ ਸਿੰਘ ਉਰਫ਼ ਮਟਰੂ ਸ੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ ਅਤੇ ਸ੍ਰੀ ਮੁਕਤਸਰ ਸਾਹਿਬ ਐਮਟੀ ਸੈਕਸ਼ਨ ਵਿੱਚ ਤਾਇਨਾਤ ਸੀ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।