ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਭਰਤ ਇੰਦਰ ਚਾਹਲ ਖਿਲਾਫ ਪਟਿਆਲਾ ਕੋਰਟ ਨੇ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਵਿਜੀਲੈਂਸ ਵੱਲੋਂ ਗ੍ਰਿਫਤਾਰ ਕਰਕੇ 28 ਅਕਤੂਬਰ ਤੱਕ ਅਦਾਲਤ 'ਚ ਪੇਸ਼ ਹੋਣ ਲਈ ਕਿਹਾ ਗਿਆ ਹੈ।
ਪੰਜਾਬ ਸਰਕਾਰ 'ਤੇ ਲਗਾਏ ਦੋਸ਼
ਇਸ ਮਾਮਲੇ 'ਚ ਭਰਤ ਇੰਦਰ ਚਾਹਲ ਨੇ ਅਗਾਊਂ ਜ਼ਮਾਨਤ ਨੂੰ ਲੈ ਕੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਉਨ੍ਹਾਂ ਆਪਣੀ ਪਟੀਸ਼ਨ 'ਚ ਕਿਹਾ ਸੀ ਕਿ ਮੌਜੂਦਾ ਸਰਕਾਰ ਸਿਆਸੀ ਰੰਜਿਸ਼ ਕਾਰਨ ਪਿਛਲੀ ਸਰਕਾਰ ਦੇ ਆਗੂਆਂ ਅਤੇ ਨਜ਼ਦੀਕੀਆਂ ਖ਼ਿਲਾਫ਼ ਕਾਰਵਾਈ ਕਰ ਰਹੀ ਹੈ ਅਤੇ ਇਸ ਲਈ ਉਨ੍ਹਾਂ ਨੂੰ ਵੀ ਫਸਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਹਾਈ ਕੋਰਟ ਨੇ ਅਗਾਊਂ ਜ਼ਮਾਨਤ ਕੀਤੀ ਰੱਦ
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਭਰਤ ਇੰਦਰ ਚਾਹਲ ਦੀ ਅਗਾਊਂ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਸੀ। ਪਰ ਇਸ ਤੋਂ ਪਹਿਲਾਂ ਹਾਈ ਕੋਰਟ ਨੇ ਪਿਛਲੇ ਸਾਲ 4 ਅਕਤੂਬਰ ਨੂੰ ਚਾਹਲ ਦੀ ਅਗਾਊਂ ਜ਼ਮਾਨਤ ਨੂੰ ਮਨਜ਼ੂਰੀ ਦੇ ਦਿੱਤੀ ਸੀ।
ਜਾਣੋ ਕੀ ਹੈ ਪੂਰਾ ਮਾਮਲਾ
ਵਿਜੀਲੈਂਸ ਦੇ ਅਨੁਸਾਰ ਮਾਰਚ 2017 ਤੋਂ ਸਤੰਬਰ 2021 ਤੱਕ ਭਰਤ ਇੰਦਰ ਚਾਹਲ ਦੀ ਆਮਦਨ ਤੇ ਖਰਚ ਦੀ ਜਾਂਚ ਕੀਤੀ ਗਈ ਸੀ । ਜਿਸ 'ਚ ਪਤਾ ਲੱਗਿਆ ਕਿ ਪਰਿਵਾਰ ਦੀ ਕੁੱਲ ਆਮਦਨ 7 ਕਰੋੜ 85 ਲੱਖ 16 ਹਜ਼ਾਰ 905 ਰੁਪਏ ਸੀ। ਜਦਕਿ ਪਰਿਵਾਰ ਨੇ 31 ਕਰੋੜ 79 ਲੱਖ 89 ਹਜ਼ਾਰ 11 ਰੁਪਏ ਖਰਚ ਕੀਤੇ ਹਨ। ਇਸ ਕਾਰਨ ਵਿਜੀਲੈਂਸ ਨੇ ਭਰਤ ਇੰਦਰ ਚਾਹਲ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਭਰਤ ਇੰਦਰ ਸਿੰਘ ਚਾਹਲ 1 ਅਪ੍ਰੈਲ 2017 ਤੋਂ 31 ਅਗਸਤ 2021 ਤੱਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਦੇ ਅਹੁਦੇ 'ਤੇ ਰਹੇ। 2 ਅਗਸਤ 2023 ਨੂੰ ਉਨ੍ਹਾਂ ਦੇ ਅਹੁਦੇ ਛੱਡਣ ਦੇ ਦੋ ਦਿਨਾਂ ਦੇ ਅੰਦਰ 2 ਅਗਸਤ 2023 ਨੂੰ ਐਫਆਈਆਰ ਦਰਜ ਕੀਤੀ ਗਈ ਸੀ।